ਮਟਰ ਵਾਲੇ ਪਰਾਂਠੇ ਸਰਦੀਆਂ 'ਚ ਖਾਣ ਲਈ ਬਹੁਤ ਹੀ ਸਵਾਦਿਸ਼ਟ ਅਤੇ ਪੌਸ਼ਟਿਕ ਹੁੰਦੇ ਹਨ। ਹਰੇ ਮਟਰਾਂ ਨੂੰ ਮਸਾਲਿਆਂ ਨਾਲ ਮਿਲਾ ਕੇ ਗੁੰਨੇ ਹੋਏ ਆਟੇ ਵਿੱਚ ਭਰ ਕੇ ਤਵੇ ‘ਤੇ ਸੇਕਿਆ ਜਾਂਦਾ ਹੈ, ਜਿਸ ਨਾਲ ਪਰਾਂਠੇ ਨਰਮ ਅਤੇ ਮਜ਼ੇਦਾਰ ਬਣਦੇ ਹਨ।

ਇਹ ਪਰਾਂਠੇ ਦਹੀਂ, ਮੱਖਣ ਜਾਂ ਅਚਾਰ ਨਾਲ ਖਾਣ ‘ਚ ਹੋਰ ਵੀ ਜ਼ਿਆਦਾ ਸੁਆਦਲੇ ਲੱਗਦੇ ਹਨ ਅਤੇ ਨਾਸ਼ਤੇ ਜਾਂ ਦੁਪਹਿਰ ਦੇ ਖਾਣੇ ਲਈ ਵਧੀਆ ਚੋਣ ਹਨ।

ਸਮੱਗਰੀ ਤਿਆਰ ਕਰੋ: 2 ਕੱਪ ਕਣਕ ਦਾ ਆਟਾ, 1 ਕੱਪ ਤਾਜ਼ੇ ਮਟਰ, ਹਰੀ ਮਿਰਚ, ਅਦਰਕ, ਮਸਾਲੇ (ਜੀਰਾ, ਧਨੀਆ ਪਾਊਡਰ, ਗਰਮ ਮਸਾਲਾ, ਅਮਚੂਰ, ਨਮਕ) ਅਤੇ ਘਿਓ ਰੱਖੋ।

ਆਟਾ ਗੁੰਨ੍ਹੋ: ਆਟੇ ਵਿੱਚ ਨਮਕ ਅਤੇ ਥੋੜ੍ਹਾ ਤੇਲ ਮਿਲਾ ਕੇ ਨਰਮ ਆਟਾ ਗੁੰਨ੍ਹ ਲਓ ਅਤੇ 20 ਮਿੰਟ ਲਈ ਢੱਕ ਕੇ ਰੱਖੋ।

ਮਟਰ ਉਬਾਲੋ: ਤਾਜ਼ੇ ਮਟਰ ਨੂੰ ਉਬਾਲ ਕੇ ਨਰਮ ਕਰ ਲਓ ਜਾਂ ਫ੍ਰੋਜ਼ਨ ਮਟਰ ਨੂੰ ਗਰਮ ਪਾਣੀ ਵਿੱਚ ਭਿਉਂ ਲਓ।

ਸਟਫਿੰਗ ਬਣਾਓ: ਮਟਰ ਨੂੰ ਮੈਸ਼ ਕਰੋ ਅਤੇ ਕੜਾਹੀ ਵਿੱਚ ਥੋੜ੍ਹਾ ਤੇਲ ਗਰਮ ਕਰਕੇ ਜੀਰਾ ਤੜਕਾਓ।

ਮਸਾਲੇ ਮਿਲਾਓ: ਤੜਕੇ ਵਿੱਚ ਵੱਡੀ ਕੱਟੀ ਹਰੀ ਮਿਰਚ, ਅਦਰਕ ਪੇਸਟ ਪਾਓ ਅਤੇ ਮੈਸ਼ ਕੀਤੇ ਮਟਰ ਮਿਲਾਓ।

ਮਸਾਲੇ ਪਾਓ: ਧਨੀਆ ਪਾਊਡਰ, ਗਰਮ ਮਸਾਲਾ, ਅਮਚੂਰ ਅਤੇ ਨਮਕ ਮਿਲਾ ਕੇ ਚੰਗੀ ਤਰ੍ਹਾਂ ਭੁੰਨ ਲਓ ਤਾਂ ਜੋ ਮਿਸ਼ਰਣ ਸੁੱਕਾ ਹੋ ਜਾਵੇ।

ਆਟੇ ਦੀਆਂ ਛੋਟੀਆਂ ਲੋਇਆਂ ਬਣਾਓ ਅਤੇ ਹਰੇਕ ਨੂੰ ਥੋੜ੍ਹਾ ਬੇਲ ਕੇ ਵਿਚਕਾਰ ਗੋਲਾ ਬਣਾਓ।

ਸਟਫਿੰਗ ਭਰੋ: ਹਰ ਲੋਈ ਵਿੱਚ 1-2 ਚਮਚ ਮਟਰ ਦੀ ਸਟਫਿੰਗ ਭਰੋ ਅਤੇ ਚੰਗੀ ਤਰ੍ਹਾਂ ਬੰਦ ਕਰ ਕੇ ਦੁਬਾਰਾ ਗੋਲ ਬਣਾਓ।

ਪਰਾਂਠੇ ਬੇਲੋ: ਹਲਕੇ ਆਟੇ ਲਗਾ ਕੇ ਪਰਾਂਠੇ ਨੂੰ ਹੌਲੀ-ਹੌਲੀ ਬੇਲ ਲਓ ਤਾਂ ਜੋ ਸਟਫਿੰਗ ਨਾ ਨਿਕਲੇ।

ਸੇਕੋ ਅਤੇ ਸਰਵ ਕਰੋ: ਗਰਮ ਤਵੇ ਤੇ ਘਿਓ ਲਗਾ ਕੇ ਦੋਵੇਂ ਪਾਸੇ ਸੁਨਹਿਰਾ ਹੋਣ ਤੱਕ ਸੇਕੋ ਅਤੇ ਗਰਮਾ-ਗਰਮ ਦਹੀਂ ਜਾਂ ਅਚਾਰ ਨਾਲ ਸਰਵ ਕਰੋ।