ਹਾਲ ਹੀ ਦੇ ‘ਦ ਲੈਂਸੇਟ’ ਜਰਨਲ ਦੇ ਅਧਿਐਨ ਮੁਤਾਬਕ, 2000 ਤੋਂ 2019 ਤੱਕ ਭਾਰਤ ਵਿੱਚ ਗੈਰ-ਸੰਚਾਰੀ ਬਿਮਾਰੀਆਂ (NCDs) ਨਾਲ ਮੌਤਾਂ ਦੀ ਦਰ ਵਧੀ ਹੈ।

2010 ਤੋਂ 2019 ਵਿਚ ਦਿਲ ਦੀਆਂ ਬਿਮਾਰੀਆਂ, ਕੈਂਸਰ, ਸ਼ੂਗਰ ਤੇ ਸਾਂਹ ਨਾਲ ਜੁੜੀਆਂ ਪੁਰਾਣੀਆਂ ਬਿਮਾਰੀਆਂ ਕਾਰਨ ਮੌਤਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ, ਜਦਕਿ ਵਿਸ਼ਵ ਪੱਧਰ 'ਤੇ ਇਹ ਦਰ ਘਟੀ ਹੈ।

2019 ਵਿੱਚ ਭਾਰਤ 'ਚ ਜਨਮ ਤੋਂ 80 ਸਾਲ ਦੀ ਉਮਰ ਤੱਕ NCDs ਨਾਲ ਮੌਤ ਦੀ ਸੰਭਾਵਨਾ ਮਹਿਲਾਵਾਂ ਲਈ 48.7% ਅਤੇ ਪੁਰਸ਼ਾਂ ਲਈ 57.9% ਦਰਜ ਕੀਤੀ ਗਈ।

2001 ਵਿੱਚ ਇਹ ਦਰ ਮਹਿਲਾਵਾਂ ਲਈ 46.7% ਤੇ ਪੁਰਸ਼ਾਂ ਲਈ 56% ਸੀ, ਜੋ 2019 ਵਿੱਚ ਵੱਧ ਕੇ 48.7% ਤੇ 57.9% ਹੋ ਗਈ।



ਅਧਿਐਨ ਮੁਤਾਬਕ ਚੀਨ, ਮਿਸਰ, ਨਾਈਜੀਰੀਆ, ਰੂਸ ਅਤੇ ਬ੍ਰਾਜ਼ੀਲ ਵਿੱਚ ਗੈਰ-ਸੰਚਾਰੀ ਬਿਮਾਰੀਆਂ ਨਾਲ ਮੌਤ ਦੀ ਦਰ ਘਟੀ ਹੈ, ਪਰ ਭਾਰਤ ਅਤੇ ਪਾਪੁਆ ਨਿਊ ਗਿਨੀ ਵਿੱਚ ਇਹ ਦਰ ਵਧੀ ਹੈ।

ਜ਼ਿਆਦਾਤਰ ਦੇਸ਼ਾਂ ਵਿੱਚ ਕੈਂਸਰ ਤੇ ਦਿਲ ਦੀਆਂ ਬਿਮਾਰੀਆਂ ਕਾਰਨ ਮੌਤਾਂ ਘਟਣ ਨਾਲ ਲੰਬੇ ਸਮੇਂ ਵਾਲੀਆਂ ਬਿਮਾਰੀਆਂ ਨਾਲ ਮੌਤ ਦੀ ਸੰਭਾਵਨਾ ਘਟੀ ਹੈ।

ਭਾਰਤ ਵਿੱਚ NCDs ਕਾਰਨ ਮੌਤ ਦਾ ਸਭ ਤੋਂ ਵੱਡਾ ਕਾਰਨ ਦਿਲ ਦੀਆਂ ਬਿਮਾਰੀਆਂ ਅਤੇ ਸ਼ੂਗਰ ਹਨ।

ਹਵਾ ਪ੍ਰਦੂਸ਼ਣ, ਖਰਾਬ ਖੁਰਾਕ, ਸਰੀਰਕ ਘਾਟ, ਤੰਬਾਕੂ ਤੇ ਸ਼ਰਾਬ ਵਰਗੇ ਕਾਰਕ ਇਹ ਖਤਰਾ ਵਧਾ ਰਹੇ ਹਨ। ਭਾਰਤ ਦੀ ਸਿਹਤ ਸੇਵਾ ਸਿਸਟਮ ਅਜੇ ਵੀ ਸੰਚਾਰੀ ਬਿਮਾਰੀਆਂ 'ਤੇ ਜ਼ਿਆਦਾ ਧਿਆਨ ਦੇ ਰਹੀ ਹੈ, ਪਰ NCDs 'ਤੇ ਪੂਰਾ ਧਿਆਨ ਨਹੀਂ ਦਿੱਤਾ ਜਾ ਰਿਹਾ।

ਖੋਜਕਰਤਾਵਾਂ ਦੇ ਅਨੁਸਾਰ, 2030 ਤੱਕ NCDs ਕਾਰਨ ਸਮੇਂ ਤੋਂ ਪਹਿਲਾਂ ਮੌਤਾਂ ਨੂੰ ਘਟਾਉਣ ਲਈ ਸੰਯੁਕਤ ਰਾਸ਼ਟਰ ਨੇ ਵਾਅਦਾ ਕੀਤਾ ਹੈ।



ਭਾਰਤ ਵਰਗੇ ਦੇਸ਼ਾਂ ਵਿੱਚ ਇਸ ਲਈ ਵੱਧ ਨਿਵੇਸ਼ ਦੀ ਲੋੜ ਹੈ। ਅਧਿਐਨ ਚੌਥੀ ਹਾਈ-ਲੇਵਲ ਯੂ.ਐਨ. ਮੀਟਿੰਗ ਤੋਂ ਪਹਿਲਾਂ ਪੁਰਾਣੀਆਂ ਬਿਮਾਰੀਆਂ ਨਾਲ ਨਿਪਟਣ ਅਤੇ ਲੋੜਵੰਦ ਲੋਕਾਂ ਤੱਕ ਸਹੂਲਤ ਪਹੁੰਚਾਉਣ ਦੀ ਮੰਗ ਕਰਦਾ ਹੈ।