ਭਿੰਡੀ ਦੀ ਸਬਜ਼ੀ ਖਾਣ ਵਿੱਚ ਸੁਆਦ ਹੋਣ ਦੇ ਨਾਲ-ਨਾਲ ਸਿਹਤ ਲਈ ਫਾਇਦੇਮੰਦ ਵੀ ਹੁੰਦੀ ਹੈ। ਭਿੰਡੀ 'ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦੇ ਹਨ। ਭਿੰਡੀ ਵਿਚ ਪ੍ਰੋਟੀਨ, ਫਾਈਬਰ, ਕਾਰਬੋਹਾਈਡ੍ਰੇਟਸ, ਵਸਾ, ਕੈਲਸ਼ੀਅਮਸ, ਸੋਡੀਅਮ, ਪੋਟਾਸ਼ੀਅਮ ਅਤੇ ਵਿਟਾਮਿਨ ਦੇ ਭਰਪੂਰ ਗੁਣ ਪਾਏ ਜਾਂਦੇ ਹਨ, ਭਿੰਡੀ ਵਿੱਚ ਸਭ ਤੋਂ ਵੱਧ ਫਾਈਬਰ ਪਾਇਆ ਜਾਂਦਾ ਹੈ ਜੋ ਸਾਡੇ ਪਾਚਨ ਲਈ ਸਭ ਤੋਂ ਵੱਧ ਫਾਇਦੇਮੰਦ ਹੁੰਦਾ ਹੈ। ਭਿੰਡੀ ‘ਚ ਮੌਜੂਦ ਫਾਈਬਰ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਦਾ ਹੈ ਅਤੇ ਚੰਗੇ ਕੋਲੈਸਟ੍ਰੋਲ ਨੂੰ ਵਧਾਉਂਦਾ ਹੈ ਜੋ ਦਿਲ ਦੀ ਬੀਮਾਰੀ ਦੇ ਖਤਰੇ ਨੂੰ ਘੱਟ ਕਰਨ ਅਤੇ ਦਿਲ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦਾ ਹੈ। ਭਿੰਡੀ ‘ਚ ਪੌਲੀਫੇਨੌਲ ਅਤੇ ਫਾਈਬਰ ਪਾਏ ਜਾਂਦੇ ਹਨ ਜੋ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਦੇ ਹਨ। ਜਿਨ੍ਹਾਂ ਲੋਕਾਂ ਨੂੰ ਡਾਇਬਟੀਜ਼ ਹੈ ਉਨ੍ਹਾਂ ਨੂੰ ਭਿੰਡੀ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਸ਼ੂਗਰ ਦਾ ਖਤਰਾ ਘੱਟ ਹੋ ਜਾਂਦਾ ਹੈ। ਇਸ ਤੋਂ ਇਲਾਵਾ ਭਿੰਡੀ ‘ਚ ਵਿਟਾਮਿਨ ਸੀ ਵੀ ਹੁੰਦਾ ਹੈ ਜੋ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ। ਭਿੰਡੀ 'ਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਅਤੇ ਫਾਈਬਰ ਜਿਆਦਾ ਹੁੰਦਾ ਹੈ, ਜਿਸ ਕਾਰਨ ਇਹ ਸਰੀਰ ਨੂੰ ਭਰਪੂਰ ਊਰਜਾ ਤਾਂ ਦਿੰਦਾ ਹੈ ਪਰ ਇਸ ਨੂੰ ਖਾਣ ਨਾਲ ਭਾਰ ਨਹੀਂ ਵਧਦਾ।