ਵਿਟਾਮਿਨ ਡੀ ਸਰੀਰ ਲਈ ਬਹੁਤ ਜ਼ਰੂਰੀ ਹੈ। ਇਸ ਦੀ ਮਦਦ ਨਾਲ ਸਰੀਰ ਬਿਹਤਰ ਕੰਮ ਕਰਦਾ ਹੈ। ਵਿਟਾਮਿਨ ਡੀ ਕੈਲਸ਼ੀਅਮ ਅਤੇ ਫਾਸਫੋਰਸ ਨੂੰ ਜਜ਼ਬ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਵਿਟਾਮਿਨ ਡੀ ਦਾ ਸਭ ਤੋਂ ਵਧੀਆ ਸਰੋਤ ਸੂਰਜ ਦੀ ਰੌਸ਼ਨੀ ਹੈ, ਪਰ ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਸਰਦੀਆਂ ਸ਼ੁਰੂ ਹੋ ਚੁੱਕੀਆਂ ਹਨ। ਜਿਸ ਕਰਕੇ ਸਰਦੀਆਂ ਦੇ ਦਿਨਾਂ ਵਿੱਚ ਜਦੋਂ ਧੁੱਪ ਨਹੀਂ ਹੁੰਦੀ, ਤਾਂ ਇਸ ਵਿਟਾਮਿਨ ਦੀ ਕਮੀ ਹੋ ਸਕਦੀ ਹੈ। ਇਸ ਤੋਂ ਇਲਾਵਾ ਵਿਟਾਮਿਨ ਡੀ ਦੀ ਕਮੀ ਨਾਲ ਡਿਪ੍ਰੈਸ਼ਨ ਅਤੇ ਮੂਡ ਸਵਿੰਗ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਤੁਸੀਂ ਆਪਣੀ ਖੁਰਾਕ ਵਿੱਚ ਫੈਟੀ ਮੱਛੀ ਜਿਵੇਂ ਕਿ ਸਾਲਮਨ, ਮੈਕਰੇਲ ਅਤੇ ਸਾਰਡਾਈਨ ਨੂੰ ਸ਼ਾਮਲ ਕਰਕੇ ਵਿਟਾਮਿਨ ਡੀ ਦੀ ਕਮੀ ਨੂੰ ਦੂਰ ਕਰ ਸਕਦੇ ਹੋ। ਇਨ੍ਹਾਂ ਦਾ ਸੇਵਨ ਕਰਨ ਨਾਲ ਸਰੀਰ ਨੂੰ ਓਮੇਗਾ 3 ਫੈਟੀ ਐਸਿਡ ਮਿਲ ਸਕਦਾ ਹੈ। ਵਿਟਾਮਿਨ ਡੀ ਦੀ ਕਮੀ ਨੂੰ ਦੂਰ ਕਰਨ ਲਈ ਤੁਸੀਂ ਅੰਡੇ ਦੀ ਜ਼ਰਦੀ ਦਾ ਸੇਵਨ ਕਰ ਸਕਦੇ ਹੋ। ਇਸ ਨੂੰ ਵਿਟਾਮਿਨ ਡੀ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ। ਉਬਲੇ ਹੋਏ ਅੰਡੇ ਖਾਣ ਨਾਲ ਸਰੀਰ ਨੂੰ ਵਿਟਾਮਿਨ ਡੀ ਦੀ ਭਰਪੂਰ ਮਾਤਰਾ ਮਿਲਦੀ ਹੈ। ਸਰੀਰ 'ਚ ਵਿਟਾਮਿਨ ਡੀ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਤੁਸੀਂ ਦੁੱਧ ਅਤੇ ਸੰਤਰੇ ਦੇ ਜੂਸ ਦਾ ਸੇਵਨ ਕਰ ਸਕਦੇ ਹੋ। ਇਸ ਦੀ ਚੰਗੀ ਮਾਤਰਾ ਅਨਾਜ ਵਰਗੇ ਕੁਝ ਮਜ਼ਬੂਤ ਭੋਜਨਾਂ ਵਿੱਚ ਵੀ ਪਾਈ ਜਾਂਦੀ ਹੈ। ਕੋਡ ਲਿਵਰ ਆਇਲ ਵੀ ਵਿਟਾਮਿਨ ਡੀ ਦਾ ਚੰਗਾ ਸਰੋਤ ਹੈ। ਇਸ ਦੇ ਸੇਵਨ ਨਾਲ ਵਿਟਾਮਿਨ ਡੀ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਇਸ ਨੂੰ ਸਪਲੀਮੈਂਟ ਦੇ ਤੌਰ 'ਤੇ ਸੇਵਨ ਕਰਨ ਨਾਲ ਇਸ ਵਿਟਾਮਿਨ ਦੀ ਕਮੀ ਨਹੀਂ ਹੋਵੇਗੀ।