PM ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਯਾਨੀਕਿ ਅੱਜ 19 ਜੂਨ ਨੂੰ ਸਾਉਣੀ ਦੀਆਂ 14 ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (MSP) ਨੂੰ ਮਨਜ਼ੂਰੀ ਦੇ ਦਿੱਤੀ ਹੈ। ਫੈਸਲੇ ਦਾ ਐਲਾਨ ਕਰਦੇ ਹੋਏ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਸ਼ਵਨੀ ਵੈਸ਼ਨਵ ਨੇ ਕਿਹਾ, ਕੈਬਨਿਟ ਨੇ ਝੋਨਾ, ਰਾਗੀ, ਬਾਜਰਾ, ਜਵਾਰ, ਮੱਕੀ ਅਤੇ ਕਪਾਹ ਸਮੇਤ 14 ਸਾਉਣੀ ਸੀਜ਼ਨ ਦੀਆਂ ਫਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਮੰਤਰੀ ਨੇ ਕਿਹਾ, ਪ੍ਰਧਾਨ ਮੰਤਰੀ ਮੋਦੀ ਦਾ ਤੀਜਾ ਕਾਰਜਕਾਲ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਕਿਸਾਨਾਂ ਦੀ ਭਲਾਈ ਲਈ ਕਈ ਫੈਸਲਿਆਂ ਰਾਹੀਂ ਬਦਲਾਅ ਦੇ ਨਾਲ ਨਿਰੰਤਰਤਾ 'ਤੇ ਕੇਂਦਰਿਤ ਹੈ। ਉਨ੍ਹਾਂ ਕਿਹਾ ਕਿ ਸਾਉਣੀ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ, ਕਿਸਾਨਾਂ ਨੂੰ ਪਹਿਲ ਦਿੰਦੇ ਹੋਏ 14 ਫ਼ਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਨੂੰ ਕੈਬਨਿਟ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਝੋਨੇ ਦਾ ਨਵਾਂ ਸਮਰਥਨ ਮੁੱਲ 2300 ਰੁਪਏ ਕੀਤਾ ਗਿਆ ਹੈ, ਜੋ ਕਿ 117 ਰੁਪਏ ਦਾ ਵਾਧਾ ਹੈ। 2013-14 ਦੀ ਕੀਮਤ 1310 ਰੁਪਏ ਸੀ। ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਕਪਾਹ ਦਾ ਘੱਟੋ-ਘੱਟ ਸਮਰਥਨ ਮੁੱਲ 7121 ਰੁਪਏ ਹੈ, 501 ਰੁਪਏ ਦਾ ਵਾਧਾ ਹੋਇਆ ਹੈ। 2013-14 ਵਿੱਚ ਇਹ 3700 ਰੁਪਏ ਸੀ। ਰਾਗੀ-4290, ਮੱਕੀ-2225 ਰੁਪਏ, ਮੂੰਗ-8682, ਤੂਰ-7550, ਉੜਦ-7400 ਮੂੰਗਫਲੀ ਦਾ ਤੇਲ-6783 ਰੁਪਏ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਭਰ ਵਿੱਚ ਦੋ ਲੱਖ ਗੋਦਾਮ ਬਣਾਉਣ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਕਿਸਾਨਾਂ 'ਤੇ ਫੋਕਸ ਹੈ। ਖਾਦ ਦੀਆਂ ਕੀਮਤਾਂ ਘੱਟ ਰੱਖਣ ਲਈ ਕਾਫੀ ਕੰਮ ਕੀਤਾ ਗਿਆ ਹੈ। ਭਾਰਤ 'ਚ ਖਾਦ ਦੀਆਂ ਕੀਮਤਾਂ ਅਜੇ ਵੀ ਦੁਨੀਆ ਦੇ ਦੂਜੇ ਦੇਸ਼ਾਂ ਨਾਲੋਂ ਬਹੁਤ ਘੱਟ ਹਨ।