ਲੋਕ ਸਭਾ ਚੋਣਾਂ ਦੌਰਾਨ ਹਰਿਆਣਾ ਵਿੱਚ ਸੱਤਾਧਾਰੀ ਭਾਜਪਾ ਨੂੰ ਝਟਕਾ ਦਿੰਦੇ ਹੋਏ ਤਿੰਨ ਆਜ਼ਾਦ ਵਿਧਾਇਕਾਂ ਨੇ ਮੰਗਲਵਾਰ ਯਾਨੀਕਿ 7 ਮਈ ਨੂੰ ਸਮਰਥਨ ਵਾਪਸ ਲੈਣ ਦਾ ਐਲਾਨ ਕੀਤਾ ਹੈ। ਜਿਸ ਤੋਂ ਬਾਅਦ ਸੂਬੇ ਦੀ ਸਿਆਸਤ ਗਰਮਾ ਗਈ ਹੈ। ਸੂਬੇ ਦੇ ਸਾਬਕਾ CM ਅਤੇ ਕਾਂਗਰਸ ਦੇ ਸੀਨੀਅਰ ਨੇਤਾ ਭੂਪੇਂਦਰ ਸਿੰਘ ਹੁੱਡਾ ਨੇ BJP ਤੋਂ ਸਮਰਥਨ ਵਾਪਸ ਲੈ ਕੇ ਕਾਂਗਰਸ ਨੂੰ ਸਮਰਥਨ ਦੇਣ ਲਈ 3 ਆਜ਼ਾਦ ਵਿਧਾਇਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਸਹੀ ਸਮੇਂ 'ਤੇ ਲਿਆ ਗਿਆ ਇਹ ਫੈਸਲਾ ਜ਼ਰੂਰ ਫਲ ਦੇਵੇਗਾ। ਹਰਿਆਣਾ ਵਿੱਚ ਆਜ਼ਾਦ ਵਿਧਾਇਕਾਂ ਸੋਮਬੀਰ ਸਾਂਗਵਾਨ, ਰਣਧੀਰ ਗੋਲਨ ਅਤੇ ਧਰਮਪਾਲ ਗੌਂਡਰ ਨੇ ਸੂਬੇ ਵਿੱਚ ਨਾਇਬ ਸਿੰਘ ਸੈਣੀ ਦੀ ਭਾਜਪਾ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਹੈ। ਹਰਿਆਣਾ ਦੇ ਸਾਬਕਾ ਸੀਐਮ ਭੂਪੇਂਦਰ ਸਿੰਘ ਹੁੱਡਾ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਿਖਿਆ ਤੁਹਾਡੇ ਸਹਿਯੋਗ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ... ਜੇਜੇਪੀ ਅਤੇ ਆਜ਼ਾਦ ਵਿਧਾਇਕਾਂ ਤੋਂ ਸਮਰਥਨ ਵਾਪਸ ਲੈਣ ਤੋਂ ਬਾਅਦ ਭਾਜਪਾ ਸਰਕਾਰ ਹੁਣ ਘੱਟ ਗਿਣਤੀ ਵਿੱਚ ਹੈ। ਇਸ ਲਈ ਹਰਿਆਣਾ ਵਿਚ ਤੁਰੰਤ ਰਾਸ਼ਟਰਪਤੀ ਰਾਜ ਲਗਾ ਕੇ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣ। ਭਾਜਪਾ ਜਾ ਰਹੀ ਹੈ, ਕਾਂਗਰਸ ਆ ਰਹੀ ਹੈ। ਦੱਸ ਦਈਏ ਕਿ ਰੋਹਤਕ 'ਚ ਇਕ ਪ੍ਰੈੱਸ ਕਾਨਫਰੰਸ 'ਚ ਤਿੰਨ ਆਜ਼ਾਦ ਵਿਧਾਇਕਾਂ ਨੇ ਹਰਿਆਣਾ ਦੀ ਨਾਇਬ ਸਿੰਘ ਸੈਣੀ ਸਰਕਾਰ ਨੂੰ ਘੇਰਿਆ ਦੋਸ਼ ਲਾਇਆ ਕਿ ਉਹ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਨਹੀਂ ਹਨ, ਇਸ ਲਈ ਉਹ ਭਾਜਪਾ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਰਹੇ ਹਨ। 90 ਵਿਧਾਨ ਸਭਾ ਮੈਂਬਰਾਂ ਵਾਲੀ ਇਸ ਵਿਧਾਨ ਸਭਾ ਵਿੱਚ ਹੁਣ 88 ਵਿਧਾਇਕ ਹਨ ਕਿਉਂਕਿ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਆਜ਼ਾਦ ਵਿਧਾਇਕ ਰਣਜੀਤ ਚੌਟਾਲਾ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਤਿੰਨ ਆਜ਼ਾਦ ਵਿਧਾਇਕਾਂ ਦੀ ਹਮਾਇਤ ਵਾਪਸ ਲੈਣ ਤੋਂ ਬਾਅਦ ਭਾਜਪਾ ਦੇ ਹੁਣ ਸਦਨ ਵਿੱਚ ਸਿਰਫ਼ 43 ਵਿਧਾਇਕ ਰਹਿ ਗਏ ਹਨ।