IND vs AFG 2nd T20, Fan Hugged Virat Kohli: ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਇੰਦੌਰ ਦੇ ਹੋਲਕਰ ਸਟੇਡੀਅਮ 'ਚ ਖੇਡਿਆ ਗਿਆ। ਭਾਰਤੀ ਟੀਮ ਨੇ ਇਹ ਮੈਚ 6 ਵਿਕਟਾਂ ਨਾਲ ਜਿੱਤ ਕੇ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਹਾਲਾਂਕਿ ਇਸ ਮੈਚ 'ਚ ਭਾਰਤ ਦੀ ਜਿੱਤ ਤੋਂ ਜ਼ਿਆਦਾ ਵਿਰਾਟ ਕੋਹਲੀ ਦੇ ਫੈਨ ਦੀ ਗੱਲ ਕੀਤੀ ਜਾ ਰਹੀ ਹੈ। ਆਓ ਤੁਹਾਨੂੰ ਵਿਸਥਾਰ ਵਿੱਚ ਦੱਸਦੇ ਹਾਂ ਕਿ ਕਿਉਂ? ਦਰਅਸਲ, ਇੰਦੌਰ 'ਚ ਖੇਡੇ ਗਏ ਦੂਜੇ ਟੀ-20 'ਚ ਜਦੋਂ ਵਿਰਾਟ ਕੋਹਲੀ ਬਾਊਂਡਰੀ 'ਤੇ ਫੀਲਡਿੰਗ ਕਰ ਰਹੇ ਸਨ ਤਾਂ ਉਨ੍ਹਾਂ ਦੇ ਇਕ ਪ੍ਰਸ਼ੰਸਕ ਨੇ ਹੱਦ ਪਾਰ ਕਰ ਦਿੱਤੀ। ਐਤਵਾਰ ਨੂੰ ਖੇਡੇ ਗਏ ਮੈਚ ਦੌਰਾਨ ਕੋਹਲੀ ਦਾ ਇੱਕ ਪ੍ਰਸ਼ੰਸਕ ਸੁਰੱਖਿਆ ਪ੍ਰਬੰਧਾਂ ਦੀ ਪਰਵਾਹ ਕੀਤੇ ਬਿਨ੍ਹਾਂ ਮੈਦਾਨ 'ਚ ਦਾਖਲ ਹੋ ਗਿਆ। ਇਸ ਪ੍ਰਸ਼ੰਸਕ ਨੇ ਪਹਿਲਾਂ ਕੋਹਲੀ ਦੇ ਪੈਰ ਛੂਹੇ ਅਤੇ ਫਿਰ ਉਨ੍ਹਾਂ ਨੂੰ ਗਲੇ ਲਗਾਇਆ। ਹਾਲਾਂਕਿ ਸੁਰੱਖਿਆ ਅਧਿਕਾਰੀਆਂ ਨੇ ਤੁਰੰਤ ਇਸ ਪ੍ਰਸ਼ੰਸਕ ਨੂੰ ਫੜ ਲਿਆ ਅਤੇ ਮੈਦਾਨ ਤੋਂ ਬਾਹਰ ਲੈ ਗਏ। ਅੰਤਰਰਾਸ਼ਟਰੀ ਕ੍ਰਿਕਟ 'ਚ ਅਜਿਹਾ ਕਈ ਵਾਰ ਹੋਇਆ ਹੈ, ਜਦੋਂ ਪ੍ਰਸ਼ੰਸਕ ਮੈਚ ਦੌਰਾਨ ਸੁਰੱਖਿਆ ਦੀ ਉਲੰਘਣਾ ਕਰਦੇ ਹੋਏ ਆਪਣੇ ਪਸੰਦੀਦਾ ਕ੍ਰਿਕਟਰ ਨੂੰ ਗਲੇ ਲਗਾਉਣ ਜਾਂ ਉਸ ਦੇ ਪੈਰ ਛੂਹਣ ਲਈ ਗਏ ਹਨ। ਭਾਰਤ-ਅਫਗਾਨਿਸਤਾਨ ਦੂਜੇ ਟੀ-20 ਦੌਰਾਨ ਵੀ ਹੋਲਕਰ ਸਟੇਡੀਅਮ ਦੇ ਮੈਦਾਨ 'ਚ ਫੀਲਡਿੰਗ ਕਰ ਰਹੇ ਵਿਰਾਟ ਕੋਹਲੀ ਦੇ ਕੋਲ ਇਕ ਨੌਜਵਾਨ ਗਿਆ ਅਤੇ ਉਸ ਨੂੰ ਜੱਫੀ ਪਾ ਲਈ। ਮੀਡੀਆ ਰਿਪੋਰਟਾਂ ਮੁਤਾਬਕ ਕੋਹਲੀ ਦੇ ਇਸ ਪ੍ਰਸ਼ੰਸਕ ਨੂੰ ਮੈਦਾਨ ਤੋਂ ਹਿਰਾਸਤ 'ਚ ਲੈ ਕੇ ਟੁਕੋਗੰਜ ਥਾਣੇ ਲਿਜਾਇਆ ਗਿਆ। ਇਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਨੌਜਵਾਨ ਕੋਲ ਮੈਚ ਦੀ ਟਿਕਟ ਸੀ ਅਤੇ ਉਹ ਨਰਿੰਦਰ ਹਿਰਵਾਨੀ ਗੇਟ ਤੋਂ ਹੋਲਕਰ ਸਟੇਡੀਅਮ ਵਿੱਚ ਦਾਖਲ ਹੋਇਆ ਸੀ।