14 ਅਗਸਤ 1957 ਨੂੰ ਇੱਕ ਤੇਲਗੂ ਈਸਾਈ ਪਰਿਵਾਰ ਵਿੱਚ ਪੈਦਾ ਹੋਏ ਜੌਨੀ ਲੀਵਰ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਦੱਸ ਦਈਏ ਕਿ ਜੌਨੀ ਦਾ ਅਸਲੀ ਨਾਮ ਜੌਨ ਪ੍ਰਕਾਸ਼ ਰਾਓ ਜਾਨੁਮਾਲਾ ਹੈ। ਉਸਨੇ ਆਪਣੇ ਕਰੀਅਰ ਵਿੱਚ 300 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਅਤੇ ਆਪਣੀ ਕਾਮੇਡੀ ਨਾਲ ਲੋਕਾਂ ਨੂੰ ਖੂਬ ਹਸਾਇਆ। ਬਰਥਡੇ ਸਪੈਸ਼ਲ ਵਿੱਚ, ਅਸੀਂ ਤੁਹਾਨੂੰ ਜੌਨੀ ਲੀਵਰ ਦੇ ਜੀਵਨ ਦੇ ਕੁਝ ਕਿੱਸਿਆਂ ਤੋਂ ਜਾਣੂ ਕਰਵਾ ਰਹੇ ਹਾਂ। ਜੌਨੀ ਲੀਵਰ ਬਾਲੀਵੁੱਡ ਇੰਡਸਟਰੀ ਵਿੱਚ ਇੱਕ ਸ਼ਾਨਦਾਰ ਅਭਿਨੇਤਾ ਅਤੇ ਕਾਮੇਡੀਅਨ ਹਨ। ਉਨ੍ਹਾਂ ਦੀ ਕਾਮਿਕ ਟਾਈਮਿੰਗ ਸ਼ਾਨਦਾਰ ਹੈ। ਉਨ੍ਹਾਂ ਨੂੰ ਸਕਰੀਨ 'ਤੇ ਦੇਖ ਕੇ ਰੋਣ ਵਾਲਾ ਵੀ ਹੱਸਣ ਲੱਗ ਪੈਂਦਾ ਹੈ। ਜੌਨੀ ਲੀਵਰ ਨੇ ਇਕ ਇੰਟਰਵਿਊ ਦੌਰਾਨ ਆਪਣੇ ਸੰਘਰਸ਼ ਦੀ ਕਹਾਣੀ ਦੱਸੀ ਸੀ ਕਿਵੇਂ ਉਨ੍ਹਾਂ ਨੂੰ ਗਰੀਬੀ ਕਰਕੇ ਸਕੂਲ ਛੱਡਣਾ ਪਿਆ ਸੀ। ਇਸ ਦੇ ਨਾਲ ਨਾਲ ਉਹ 2 ਵਕਤ ਦੀ ਰੋਟੀ ਲਈ ਤੇ ਆਪਣਾ ਘਰ ਚਲਾਉਣ ਲਈ ਸੜਕਾਂ 'ਤੇ ਡਾਂਸ ਕਰਦੇ ਹੁੰਦੇ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਪਿਤਾ ਸ਼ਰਾਬ ਪੀਣ ਦੇ ਆਦੀ ਸੀ ਅਤੇ ਪੈਸੇ ਨਾ ਹੋਣ ਕਾਰਨ ਜੌਨੀ ਨੂੰ 7ਵੀਂ ਜਮਾਤ ਵਿੱਚ ਪੜ੍ਹਦਿਆਂ ਸਕੂਲ ਛੱਡਣਾ ਪਿਆ ਸੀ। ਇੰਟਰਵਿਊ ਦੌਰਾਨ ਜੌਨੀ ਲੀਵਰ ਨੇ ਕਿਹਾ ਸੀ, ''ਸਾਡਾ ਪਰਿਵਾਰ ਬਹੁਤ ਗਰੀਬ ਸੀ। ਪਿਤਾ ਜੀ ਸ਼ਰਾਬ ਦੇ ਆਦੀ ਸਨ। ਇਸ ਕਰਕੇ ਉਸ ਨੇ ਸਾਡੇ ਵੱਲ ਧਿਆਨ ਨਹੀਂ ਦਿੱਤਾ। ਪਿਤਾ ਜੀ ਦਾ ਵੱਡਾ ਭਰਾ ਸੀ। ਅਸੀਂ ਉਨ੍ਹਾਂ ਤੋਂ ਫੀਸਾਂ, ਰਾਸ਼ਨ ਲਈ ਪੈਸੇ ਲੈਂਦੇ ਸਾਂ। ਬਾਅਦ ਵਿੱਚ ਮੈਂ ਪਰੇਸ਼ਾਨ ਹੋ ਗਿਆ। ਮੈਂ ਸੋਚਿਆ ਕਿ ਵਾਰ-ਵਾਰ ਪੈਸੇ ਕੀ ਮੰਗਾਂ। ਉਸ ਤੋਂ ਬਾਅਦ ਮੈਂ ਸਕੂਲ ਛੱਡ ਦਿੱਤਾ। ਕਦੇ ਵਰਦੀ ਨਹੀਂ, ਕਦੇ ਕੁਝ ਨਹੀਂ, ਪਰ ਸਕੂਲ ਵਿਚ ਮੈਨੂੰ ਬਹੁਤ ਪਿਆਰ ਮਿਲਦਾ ਸੀ। ਮੈਂ ਸਾਰਿਆਂ ਦੀ ਨਕਲ ਕਰਦਾ ਸੀ। ਜੌਨੀ ਲੀਵਰ ਕਾਮੇਡੀ ਦੇ ਨਾਲ-ਨਾਲ ਮਿਮਿਕਰੀ ਵੀ ਕਰਦੇ ਸੀ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਸਟੈਂਡਅੱਪ ਕਾਮੇਡੀਅਨ ਵਜੋਂ ਕੀਤੀ, ਜਿਸ ਕਾਰਨ ਉਹ ਸਟੇਜ ਸ਼ੋਅ ਵੀ ਕਰਦੇ ਸਨ। ਅਜਿਹੇ ਹੀ ਇੱਕ ਸਟੇਜ ਸ਼ੋਅ ਦੌਰਾਨ ਸੁਨੀਲ ਦੱਤ ਦੀ ਨਜ਼ਰ ਉਨ੍ਹਾਂ ਉੱਤੇ ਪੈ ਗਈ।