ਗੁਰਦੁਆਰਾ ਫਤਹਿਗੜ੍ਹ ਸਾਹਿਬ ਦਸਮੇਸ਼ ਪਿਤਾ, ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੀ ਧਰਮ ਹਿਤ ਦਿੱਤੀ ਅਦੁੱਤੀ-ਸ਼ਹਾਦਤ ਦੀ ਅਮਰ ਯਾਦਗਾਰ ਵਜੋਂ ਸ਼ੁਭਾਇਮਾਨ ਹੈ।



ਕਲਗੀਧਰ ਪਾਤਸ਼ਾਹ ਦੇ ਛੋਟੇ ਬਹਾਦਰ ਸਪੂਤ ਸ੍ਰੀ ਅਨੰਦਪੁਰ ਸਾਹਿਬ ਦੀ ਭਿਆਨਕ ਜੰਗ ਸਮੇਂ ਮਾਤਾ ਗੁਜਰੀ ਸਮੇਤ, ਗੁਰਦੁਆਰਾ ਪਰਿਵਾਰ ਵਿਛੋੜਾ ਦੇ ਸਥਾਨ ਤੋਂ ਖਾਲਸਾਈ ਪਰਿਵਾਰ ਨਾਲੋਂ ਵਿਛੜ ਗਏ।



ਘਰੇਲੂ ਨੌਕਰ, ਗੰਗੂ ਬ੍ਰਾਹਮਣ ਦੀ ਗਦਾਰੀ ਕਾਰਨ ਛੋਟੇ ਸਾਹਿਜ਼ਾਦਿਆਂ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ।



ਸਿੱਖ ਧਰਮ ਨੂੰ ਛੱਡਣ ਤੇ ਇਸਲਾਮ ਕਬੂਲ਼ ਕਰਨ ਲਈ ਸਾਹਿਬਜ਼ਾਦਿਆਂ ਨੂੰ ਸੰਸਾਰਿਕ ਤੇ ਪ੍ਰਮਾਥਿਕ ਲਾਲਚ ਤੇ ਡਰਾਵੇ ਦਿੱਤੇ ਗਏ।



ਜਦ ਸਾਹਿਬਜ਼ਾਦੇ ਕਿਸੇ ਲਾਲਚ-ਡਰਾਵੇ ਨੂੰ ਨਾ ਮੰਨੇ ਤਾਂ ਜ਼ਾਲਮਾਂ ਉਨ੍ਹਾਂ ਮਾਸੂਮ ਜਿੰਦਾਂ ਨੂੰ ਨੀਹਾਂ ਵਿਚ ਚਿਣਵਾ-ਦਿੱਤਾ ਗਿਆ।



ਵਿਸ਼ਵ ਇਤਿਹਾਸ ਦਾ ਇਹ ਲਾਸਾਨੀ ਸ਼ਹੀਦੀ ਸਾਕਾ 13 ਪੋਹ, 1761 ਬਿ: ਦਸੰਬਰ 1704 ਈ: ਵਿਚ ਵਾਪਰਿਆ। ਜਦ ਇਹ ਖਬਰ ਮਾਤਾ ਗੁਜਰੀ ਨੂੰ ਮਿਲੀ ਤਾਂ ਉਹ ਵੀ ਗੁਰਪੁਰੀ ਪਿਆਨਾ ਕਰ ਗਏ।



ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਨਾਲ-2 ਗੁਰਦੁਆਰਾ ਭੋਰਾ ਸਾਹਿਬ, ਗੁਰਦੁਆਰਾ ਬੁਰਜ ਮਾਤਾ ਗੁਜਰੀ ਜੀ, ਗੁਰਦੁਆਰਾ ਬਿਬਾਨ ਗੜ੍ਹ, ਗੁ: ਥੜਾ ਸਾਹਿਬ ਪਾਤਸ਼ਾਹੀ ਛੇਵੀਂ, ਗੁ. ਸ਼ਹੀਦ ਗੰਜ ਤੇ ਗੁ. ਜੋਤੀ ਸਰੂਪ ਆਦਿ ਇਤਿਹਾਸਕ ਅਸਥਾਨ ਹਨ।



ਇਸ ਸਥਾਨ ‘ਤੇ ਜਨਮ ਦਿਵਸ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਤੇ ਸ਼ਹੀਦੀ ਜੋੜ ਮੇਲਾ 11-12-13 ਪੋਹ ਨੂੰ ਬਹੁਤ ਵੱਡੀ ਪੱਧਰ ‘ਤੇ ਮਨਾਏ ਜਾਂਦੇ ਹਨ।



ਇਸ ਪਾਵਨ ਅਸਥਾਨ ਤੇ ਹਜ਼ਾਰਾਂ ਸ਼ਰਧਾਲੂ ਰੋਜ਼ਾਨਾ ਸ਼ਹੀਦਾਂ ਨੂੰ ਸ਼ਰਧਾ ਸਤਿਕਾਰ ਭੇਂਟ ਕਰਨ ਆਉਂਦੇ ਹਨ।