ਬਹੁਤ ਸਾਰੀਆਂ ਔਰਤਾਂ ਆਪਣੀ ਸੁੰਦਰਤਾ ਵਧਾਉਣ ਲਈ ਵਾਲਾਂ ਨੂੰ ਸਟ੍ਰੇਟਨਿੰਗ ਕਰਵਾਉਂਦੀਆਂ ਹਨ। ਵਾਲਾਂ ਨੂੰ ਸਟ੍ਰੇਟ ਕਰਨ ਦਾ ਇਹ ਰੁਝਾਨ ਪਿਛਲੇ ਕੁਝ ਸਾਲਾਂ ਵਿੱਚ ਤੇਜ਼ੀ ਨਾਲ ਵਧਿਆ ਹੈ। ਵਾਲਾਂ ਨੂੰ ਸਟ੍ਰੇਟ ਕਰਨ ਲਈ ਕਈ ਤਰ੍ਹਾਂ ਦੀਆਂ ਕਰੀਮਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਵਿੱਚ ਕੈਮੀਕਲ ਹੁੰਦੇ ਹਨ। ਇਹ ਰਸਾਇਣ ਵਾਲਾਂ ਨੂੰ ਸਟ੍ਰੇਟ ਕਰ ਸਕਦੇ ਹਨ, ਪਰ ਇਹ ਗੁਰਦਿਆਂ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ। 'ਦ ਨਿਊ ਇੰਗਲੈਂਡ ਜਰਨਲ ਆਫ਼ ਮੈਡੀਸਨ' ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ। ਇਹ ਖੁਲਾਸਾ ਹੋਇਆ ਹੈ ਕਿ ਇੱਕ ਔਰਤ ਵਾਰ-ਵਾਰ ਵਾਲਾਂ ਨੂੰ ਸਟ੍ਰੇਟ ਕਰਵਾਉਂਦੀ ਸੀ, ਜਿਸ ਕਾਰਨ ਉਸ ਦੀ ਕਿਡਨੀ ਖਰਾਬ ਹੋ ਗਈ। ਇਸ ਅਧਿਐਨ ਵਿੱਚ ਮਾਹਿਰਾਂ ਨੇ ਕਿਹਾ ਹੈ ਕਿ ਵਾਲਾਂ ਨੂੰ ਸਿੱਧਾ ਕਰਨ ਵਿੱਚ ਵਰਤੀ ਜਾਣ ਵਾਲੀ ਕਰੀਮ ਵਿੱਚ ਕੁਝ ਕੈਮੀਕਲ ਹੁੰਦੇ ਹਨ, ਜੋ ਕਿਡਨੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਲਾਈਵ ਸਾਇੰਸ ਦੀ ਰਿਪੋਰਟ ਮੁਤਾਬਕ ਇੱਕ 26 ਸਾਲਾ ਔਰਤ ਨੂੰ ਇੱਕ ਸੈਲੂਨ ਵਿੱਚ ਵਾਲਾਂ ਨੂੰ ਸਿੱਧਾ ਕਰਨ ਦਾ ਇਲਾਜ ਕਰਵਾਉਣ ਤੋਂ ਬਾਅਦ ਤਿੰਨ ਵੱਖ-ਵੱਖ ਮੌਕਿਆਂ 'ਤੇ ਗੁਰਦਿਆਂ ਦਾ ਨੁਕਸਾਨ ਹੋਇਆ। ਉਸ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਅਜਿਹਾ ਵਾਲਾਂ ਨੂੰ ਸਟ੍ਰੇਟ ਕਰਨ ਵਿਚ ਵਰਤੇ ਜਾਣ ਵਾਲੇ ਕੈਮੀਕਲ ਕਾਰਨ ਹੋਇਆ ਹੈ। ਇਹ ਔਰਤ ਜੂਨ 2020, ਅਪ੍ਰੈਲ 2021 ਤੇ ਜੁਲਾਈ 2022 ਵਿੱਚ ਸੈਲੂਨ ਗਈ ਸੀ ਤੇ ਵਾਲਾਂ ਨੂੰ ਸਟ੍ਰੇਟ ਕਰਾਇਆ ਸੀ। ਇਹ ਇਲਾਜ ਲੈਣ ਤੋਂ ਪਹਿਲਾਂ ਔਰਤ ਨੂੰ ਕੋਈ ਸਿਹਤ ਸਮੱਸਿਆ ਨਹੀਂ ਸੀ ਪਰ ਤਿੰਨੋਂ ਵਾਰ ਵਾਲ ਸਟ੍ਰੇਟ ਕਰਨ ਤੋਂ ਬਾਅਦ ਉਸ ਨੂੰ ਉਲਟੀਆਂ, ਦਸਤ, ਕਮਰ ਦਰਦ ਤੇ ਬੁਖਾਰ ਦੀ ਸਮੱਸਿਆ ਹੋ ਗਈ। ਵਾਲਾਂ ਦੇ ਇਲਾਜ ਦੌਰਾਨ, ਉਸ ਦੀ ਖੋਪੜੀ 'ਤੇ ਜਲਣ ਸੀ ਤੇ ਕੁਝ ਸਮੇਂ ਬਾਅਦ ਉਸ ਦੇ ਸਿਰ 'ਤੇ ਅਲਸਰ ਹੋ ਗਿਆ। ਵਾਲਾਂ ਨੂੰ ਸਟ੍ਰੇਟ ਕਰਨ ਲਈ ਕੇਰਾਟੀਨ ਨਾਮ ਦੇ ਖਤਰਨਾਕ ਕੈਮੀਕਲ ਦੀ ਵਰਤੋਂ ਹੁੰਦੀ ਹੈ, ਜੋ ਕਿਡਨੀ ਯਾਨਿ ਗੁਰਦਿਆਂ ਨੂੰ ਖਰਾਬ ਕਰ ਸਕਦਾ ਹੈ।