ਪੰਜਾਬ ਵਿੱਚ ਮੂੰਗੀ ਦੀ ਕਾਸ਼ਤ ਮੁੜ ਵਧ ਸਕਦੀ ਹੈ। ਪੰਜਾਬ ਸਰਕਾਰ ਦੀ ਹੱਲਾਸ਼ੇਰੀ ਮਗਰੋਂ ਹੁਣ ਕੇਂਦਰ ਸਰਕਾਰ ਨੇ ਵੀ ਮੂੰਗੀ ਦੇ ਕਾਸ਼ਤਕਾਰਾਂ ਨੂੰ ਵੱਡਾ ਤੋਹਫਾ ਦਿੱਤਾ ਹੈ।



ਕੇਂਦਰ ਸਰਕਾਰ ਨੇ ਮੂੰਗੀ ਦੀ ਐਮਐਸਪੀ 10.35 ਪ੍ਰਤੀਸ਼ਤ ਵਧ ਕੇ 8,558 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਹੈ। ਇਹ ਪਿਛਲੇ ਸਾਲ 7755 ਰੁਪਏ ਸੀ।



ਪੰਜਾਬ ਸਰਕਾਰ ਨੇ ਐਲਾਨ ਕੀਤਾ ਕਿ ਕਿਸਾਨਾਂ ਦੀ ਸਾਰੀ ਮੂੰਗੀ ਐਮਐਸਪੀ ਉੱਪਰ ਖਰੀਦੀ ਜਾਏਗੀ।



ਦਰਅਸਲ ਪੰਜਾਬ ਸਰਕਾਰ ਨੇ ਪਿਛਲੇ ਸਾਲ ਕਿਸਾਨਾਂ ਨੂੰ ਮੂੰਗੀ ਦੀ ਕਾਸ਼ਤ ਲਈ ਉਤਸ਼ਾਹਿਤ ਕੀਤਾ ਸੀ। ਪੰਜਾਬ ਅੰਦਰ ਮੂੰਗੀ ਦੀ ਕਾਸ਼ਤ ਹੇਠ ਰਕਬਾ ਵਧਿਆ ਸੀ ਪਰ ਇਸ ਵਾਰ ਕਿਸਾਨਾਂ ਨੇ ਘੱਟ ਉਤਸ਼ਾਹ ਵਿਖਾਇਆ ਹੈ।



ਹੁਣ ਕੇਂਦਰ ਸਰਕਾਰ ਵੱਲੋਂ ਮੂੰਗੀ ਦੀ ਐਮਐਸਪੀ 10.35 ਪ੍ਰਤੀਸ਼ਤ ਵਧਾ ਦਿੱਤੀ ਹੈ। ਇਸ ਨਾਲ ਪੰਜਾਬ ਅੰਦਰ ਮੂੰਗੀ ਦੀ ਕਾਸ਼ਤ ਵਧ ਸਕਦੀ ਹੈ।



ਮੂੰਗੀ ਤੋਂ ਇਲਾਵਾ ਕੇਂਦਰ ਸਰਕਾਰ ਨੇ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) 143 ਰੁਪਏ ਵਧਾ ਕੇ ਇਸ ਸਾਉਣੀ ਦੇ ਸੀਜ਼ਨ ਵਿੱਚ 2,183 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਐਲਾਨ ਕੀਤਾ ਹੈ



ਇਸ ਤੋਂ ਇਲਾਵਾ ਸਾਲ 2023-24 ਦੀਆਂ ਸਾਉਣੀ ਦੀਆਂ ਫ਼ਸਲਾਂ ਲਈ ਐਮਐਸਪੀ ਵਿਚ 5.3 ਪ੍ਰਤੀਸ਼ਤ ਤੋਂ 10.35 ਪ੍ਰਤੀਸ਼ਤ ਤੱਕ ਦਾ ਵਾਧਾ ਕੀਤਾ ਗਿਆ ਹੈ। ਕੁੱਲ-ਮਿਲਾ ਕੇ ਐਮਐਸਪੀ ਨੂੰ 128 ਰੁਪਏ ਤੋਂ 805 ਰੁਪਏ ਪ੍ਰਤੀ ਕੁਇੰਟਲ ਤੱਕ ਵਧਾਇਆ ਗਿਆ ਹੈ।



ਸਾਲ 2023-24 ਲਈ ਮੱਕੀ ਦਾ ਸਮਰਥਨ ਮੁੱਲ 6.5 ਪ੍ਰਤੀਸ਼ਤ ਵਧਾ ਕੇ 2090 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ।



ਜਦਕਿ ਰਾਗੀ ਦਾ ਐਮਐੱਸਪੀ 7.49 ਪ੍ਰਤੀਸ਼ਤ ਵਧਾ ਕੇ 3,846 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ।



ਮੂੰਗਫਲੀ ਦਾ ਐਮਐੱਸਪੀ ਨੌਂ ਪ੍ਰਤੀਸ਼ਤ ਵਧ ਕੇ 6377 ਰੁਪਏ ਹੋ ਗਿਆ ਹੈ। ਸੋਇਆਬੀਨ ਦਾ ਸਮਰਥਨ ਮੁੱਲ 6.97 ਪ੍ਰਤੀਸ਼ਤ ਵਧਾ ਕੇ 4600 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ