MS Dhoni Accused Ex-Business Partners: ਕ੍ਰਿਕਟ ਦੇ ਮੈਦਾਨ ਤੋਂ ਬਾਅਦ ਕਾਰੋਬਾਰੀ ਪਿੱਚ 'ਤੇ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਵੱਡਾ ਝਟਕਾ ਲੱਗਾ ਹੈ। ਉਸ ਦੇ ਕਾਰੋਬਾਰ ਵਿੱਚ 15 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਹੋਈ ਹੈ, ਜਿਸ ਸਬੰਧੀ ਉਸ ਨੇ ਆਪਣੇ ਇੱਕ ਸਾਬਕਾ ਕਾਰੋਬਾਰੀ ਪਾਟਨਰ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। ਮਨੀ ਕੰਟਰੋਲ ਦੀ ਇੱਕ ਰਿਪੋਰਟ ਮੁਤਾਬਕ ਧੋਨੀ ਨਾਲ ਇਹ ਕਥਿਤ ਧੋਖਾਧੜੀ ਸਪੋਰਟਸ ਮੈਨੇਜਮੈਂਟ ਕੰਪਨੀ ਆਰਕਾ ਸਪੋਰਟਸ ਮੈਨੇਜਮੈਂਟ ਨੇ ਕੀਤੀ ਹੈ। ਹੁਣ ਇਸ ਸਬੰਧੀ ਆਰਕਾ ਸਪੋਰਟਸ ਮੈਨੇਜਮੈਂਟ ਕੰਪਨੀ ਦੇ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਧੋਨੀ ਦੇ ਵਕੀਲ ਦਾ ਕਹਿਣਾ ਹੈ ਕਿ ਧੋਨੀ ਦੀ ਕੰਪਨੀ ਨਾਲ ਇੱਕ ਡੀਲ ਖਰਾਬ ਹੋ ਗਈ, ਜਿਸ 'ਚ ਸਾਬਕਾ ਭਾਰਤੀ ਕਪਤਾਨ ਨਾਲ 15 ਕਰੋੜ ਰੁਪਏ ਦੀ ਠੱਗੀ ਹੋਈ। ਧੋਨੀ ਦੀ ਨੁਮਾਇੰਦਗੀ ਕਰ ਰਹੇ ਵਿਧੀ ਐਸੋਸੀਏਟਸ ਦੇ ਦਯਾਨੰਦ ਸਿੰਘ ਨੇ ਕਿਹਾ ਕਿ ਅਰਕਾ ਸਪੋਰਟਸ ਮੈਨੇਜਮੈਂਟ ਦੇ ਮਿਹਿਰ ਦਿਵਾਕਰ ਅਤੇ ਸੌਮਿਆ ਬਿਸਵਾਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੰਪਨੀ ਅਤੇ ਧੋਨੀ ਨੇ 2017 'ਚ ਸਮਝੌਤਾ ਕੀਤਾ ਸੀ। ਕੰਪਨੀ ਨੇ ਅੱਜ ਤੱਕ ਉਸ ਸਮਝੌਤੇ ਦੀਆਂ ਸ਼ਰਤਾਂ ਨੂੰ ਪੂਰਾ ਨਹੀਂ ਕੀਤਾ ਹੈ। ਸਾਬਕਾ ਭਾਰਤੀ ਕਪਤਾਨ ਅਤੇ ਆਰਕਾ ਸਪੋਰਟਸ ਮੈਨੇਜਮੈਂਟ ਵਿਚਾਲੇ ਹੋਇਆ ਸਮਝੌਤਾ ਗਲੋਬਲ ਕ੍ਰਿਕਟ ਅਕੈਡਮੀ ਸਥਾਪਤ ਕਰਨ ਬਾਰੇ ਸੀ। ਸਮਝੌਤੇ ਮੁਤਾਬਕ ਕੰਪਨੀ ਫਰੈਂਚਾਈਜ਼ੀ ਫੀਸ ਲਈ ਦੇਣਦਾਰ ਸੀ ਅਤੇ ਕੰਪਨੀ ਨੇ ਧੋਨੀ ਨੂੰ ਮੁਨਾਫੇ 'ਚ ਹਿੱਸਾ ਵੀ ਦੇਣਾ ਸੀ। ਧੋਨੀ ਦੇ ਵਕੀਲ ਦਾ ਦਾਅਵਾ ਹੈ ਕਿ ਕੰਪਨੀ ਨੇ ਸਮਝੌਤੇ ਦੀਆਂ ਇਨ੍ਹਾਂ ਸ਼ਰਤਾਂ ਨੂੰ ਪੂਰਾ ਨਹੀਂ ਕੀਤਾ ਅਤੇ ਪੇਸ਼ੇਵਰ ਰਿਸ਼ਤੇ ਨੂੰ ਤੋੜ ਦਿੱਤਾ ਹੈ। ਧੋਨੀ ਦੇ ਵਕੀਲ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮੁਵੱਕਿਲ ਦੀ ਤਰਫੋਂ ਇਸ ਮੁੱਦੇ ਦਾ ਹੱਲ ਕੱਢਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ। ਕੰਪਨੀ ਨੂੰ ਕਾਨੂੰਨੀ ਨੋਟਿਸ ਅਤੇ ਰੀਮਾਈਂਡਰ ਵੀ ਭੇਜੇ ਗਏ ਸਨ।