IPL 2024 ਲਈ ਮੁੰਬਈ ਇੰਡੀਅਨਜ਼ ਵਿੱਚ ਜਿਸ ਵੱਡੀ ਤਬਦੀਲੀ ਦੀ ਉਮੀਦ ਕੀਤੀ ਜਾ ਰਹੀ ਸੀ, ਉਹ ਸ਼ੁੱਕਰਵਾਰ (15 ਦਸੰਬਰ) ਨੂੰ ਸਾਹਮਣੇ ਆਇਆ। ਆਖਿਰਕਾਰ ਹਾਰਦਿਕ ਪੰਡਯਾ ਨੂੰ ਮੁੰਬਈ ਇੰਡੀਅਨਜ਼ ਦਾ ਕਪਤਾਨ ਚੁਣਿਆ ਗਿਆ। ਰੋਹਿਤ ਸ਼ਰਮਾ ਨੂੰ ਹੁਣ ਹਾਰਦਿਕ ਪੰਡਯਾ ਦੀ ਕਪਤਾਨੀ ਵਿੱਚ ਖੇਡਣਾ ਹੋਵੇਗਾ। ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਇਹ ਫੈਸਲਾ ਬਹੁਤਾ ਹੈਰਾਨ ਕਰਨ ਵਾਲਾ ਨਹੀਂ ਸੀ। ਅਜਿਹਾ ਇਸ ਲਈ ਕਿਉਂਕਿ ਜਦੋਂ ਤੋਂ ਹਾਰਦਿਕ ਪੰਡਯਾ ਦੀ ਗੁਜਰਾਤ ਟਾਈਟਨਸ ਤੋਂ ਮੁੰਬਈ ਇੰਡੀਅਨਜ਼ 'ਚ ਐਂਟਰੀ ਹੋਈ ਸੀ, ਉਦੋਂ ਤੋਂ ਹੀ ਇਸ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਰੋਹਿਤ ਸ਼ਰਮਾ ਲਈ ਵੀ ਇਹ ਐਲਾਨ ਕੋਈ ਝਟਕਾ ਨਹੀਂ ਸੀ, ਕਿਉਂਕਿ ਉਨ੍ਹਾਂ ਨੂੰ ਇਸ ਫੈਸਲੇ ਦੀ ਜਾਣਕਾਰੀ ਬਹੁਤ ਪਹਿਲਾਂ ਹੀ ਮਿਲ ਗਈ ਸੀ। ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਮੁੰਬਈ ਇੰਡੀਅਨਜ਼ ਨੇ ਵਿਸ਼ਵ ਕੱਪ 2023 ਤੋਂ ਪਹਿਲਾਂ ਹੀ ਰੋਹਿਤ ਸ਼ਰਮਾ ਨੂੰ ਆਪਣੇ ਫੈਸਲੇ ਦੀ ਜਾਣਕਾਰੀ ਦਿੱਤੀ ਸੀ। ਰਿਪੋਰਟ 'ਚ ਸੂਤਰਾਂ ਦੇ ਹਵਾਲੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਰੋਹਿਤ ਸ਼ਰਮਾ ਹਾਰਦਿਕ ਪੰਡਯਾ ਦੀ ਕਪਤਾਨੀ 'ਚ ਖੇਡਣ ਲਈ ਰਾਜ਼ੀ ਹੋ ਗਏ ਸਨ। ਇਸ ਤੋਂ ਬਾਅਦ ਫ੍ਰੈਂਚਾਇਜ਼ੀ ਨੇ ਹਾਰਦਿਕ ਨੂੰ ਟ੍ਰੇਡ ਕੀਤਾ ਅਤੇ ਰੋਹਿਤ ਨੂੰ ਵੀ ਟੀਮ 'ਚ ਰੱਖਿਆ। ਹਾਰਦਿਕ ਪੰਡਯਾ ਆਈਪੀਐਲ 2023 ਤੋਂ ਮੁੰਬਈ ਇੰਡੀਅਨਜ਼ ਦੇ ਸੰਪਰਕ ਵਿੱਚ ਸੀ। ਉਸ ਦੀ ਇਕੋ ਸ਼ਰਤ ਇਹ ਸੀ ਕਿ ਜੇਕਰ ਉਹ ਮੁੰਬਈ ਪਰਤਦਾ ਹੈ ਤਾਂ ਉਸ ਨੂੰ ਟੀਮ ਦਾ ਕਪਤਾਨ ਬਣਾਇਆ ਜਾਵੇ।