ਕੀ ਤੁਹਾਨੂੰ ਪਤਾ ਹੈ ਜਿਸ ਤਰ੍ਹਾਂ ਖੁੱਲ੍ਹ ਕੇ ਹੱਸਣਾ ਸਿਹਤ ਲਈ ਫਾਇਦੇਮੰਦ ਹੈ, ਉਸੇ ਤਰ੍ਹਾਂ ਖੁੱਲ੍ਹ ਕੇ ਰੋਣਾ ਵੀ ਸਿਹਤ ਲਈ ਫਾਇਦੇਮੰਦ ਹੈ । ਪਰ ਦੁਨੀਆ ਭਰ ਵਿੱਚ ਰੋਣ ਬਾਰੇ ਇੱਕ ਧਾਰਨਾ ਬਣੀ ਹੋਈ ਹੈ ਕਿ ਰੋਣਾ ਕਮਜ਼ੋਰੀ ਦੀ ਨਿਸ਼ਾਨੀ ਹੈ ਤੇ ਕਮਜ਼ੋਰ ਦਿਲ ਵਾਲੇ ਹੀ ਹੰਝੂ ਵਹਾਉਂਦੇ ਹਨ। ਔਰਤਾਂ ਜ਼ਿਆਦਾਤਰ ਰੋਂਦੀਆਂ ਹਨ, ਇਸ ਲਈ ਉਨ੍ਹਾਂ ਨੂੰ ਜ਼ਿਆਦਾ ਭਾਵੁਕ ਤੇ ਕਮਜ਼ੋਰ ਮੰਨਿਆ ਜਾਂਦਾ ਹੈ ਪਰ ਇਸ ਭਾਵਨਾਤਮਕ ਮੁੱਦੇ 'ਤੇ ਵਿਗਿਆਨ ਦਾ ਕਹਿਣਾ ਕੁਝ ਹੋਰ ਹੀ ਹੈ। ਵਿਗਿਆਨੀ ਕਹਿੰਦੇ ਹਨ ਕਿ ਕਈ ਵਾਰ ਰੋਣਾ ਸਾਡੀ ਸਿਹਤ ਲਈ ਚੰਗਾ ਹੁੰਦਾ ਹੈ। ਹਾਂ, ਹੱਸਣ ਵਾਂਗ ਰੋਣ ਦੇ ਵੀ ਆਪਣੇ ਫਾਇਦੇ ਹੁੰਦੇ ਹਨ। ਰੋਣਾ ਭਾਵੁਕ ਹੋਣ ਦਾ ਸੰਕੇਤ ਹੋ ਸਕਦਾ ਹੈ ਪਰ ਕਮਜ਼ੋਰ ਹੋਣ ਦਾ ਨਹੀਂ। ਆਓ ਜਾਣਦੇ ਹਾਂ ਰੋਣ ਨਾਲ ਸਾਡੀ ਸਿਹਤ ਨੂੰ ਕਿਵੇਂ ਲਾਭ ਹੁੰਦਾ ਹੈ। ਰੋਣ ਨਾਲ ਸਾਡੇ ਸਰੀਰ ਵਿਚ ਕੋਰਟੀਸੋਲ ਨਾਂ ਦੇ ਹਾਰਮੋਨ ਦਾ ਪੱਧਰ ਘੱਟ ਜਾਂਦਾ ਹੈ, ਜਿਸ ਨਾਲ ਸਾਡਾ ਤਣਾਅ ਘੱਟ ਹੁੰਦਾ ਹੈ। ਇਸ ਦੇ ਨਤੀਜੇ ਵਜੋਂ ਸਾਨੂੰ ਆਰਾਮ ਮਿਲਦਾ ਹੈ ਤੇ ਮਾਨਸਿਕ ਤਣਾਅ ਘੱਟ ਜਾਂਦਾ ਹੈ। ਰੋਣ ਵੇਲੇ, ਸਾਡੀਆਂ ਭਾਵਨਾਵਾਂ ਪ੍ਰਗਟ ਹੁੰਦੀਆਂ ਹਨ ਅਤੇ ਸਾਨੂੰ ਆਪਣੇ ਆਪ ਨੂੰ ਸ਼ਾਂਤ ਕਰਨ ਅਤੇ ਠੀਕ ਕਰਨ ਦਾ ਸਾਧਨ ਪ੍ਰਦਾਨ ਕਰਦੀਆਂ ਹਨ। ਰੋਣ ਨਾਲ ਸਾਡੀਆਂ ਨਾੜੀਆਂ ਵਿਚ ਖੂਨ ਦਾ ਸੰਚਾਰ ਵਧਦਾ ਹੈ ਅਤੇ ਸਾਡੇ ਦਿਲ ਨੂੰ ਸਿਹਤਮੰਦ ਰੱਖਿਆ ਜਾਂਦਾ ਹੈ। ਇਸ ਦੇ ਨਾਲ ਹੀ ਰੋਣਾ ਸਾਡੇ ਦਿਲ ਦੀ ਧੜਕਣ ਨੂੰ ਸਥਿਰ ਕਰਦਾ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਘੱਟ ਕਰਦਾ ਹੈ। ਮਾਨਸਿਕ ਬੇਚੈਨੀ ਕਾਰਨ ਕੁਝ ਲੋਕਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਅਜਿਹੀ ਸਥਿਤੀ ਵਿੱਚ ਰੋਣ ਨਾਲ ਰਾਤ ਨੂੰ ਚੰਗੀ ਨੀਂਦ ਆਉਂਦੀ ਹੈ ਕਿਉਂਕਿ ਰੋਣ ਨਾਲ ਮਨ ਸ਼ਾਂਤ ਹੁੰਦਾ ਹੈ। ਰੋਣਾ ਸਿਰਫ਼ ਦਿਮਾਗ ਲਈ ਹੀ ਨਹੀਂ ਸਗੋਂ ਅੱਖਾਂ ਦੀ ਸਿਹਤ ਲਈ ਵੀ ਫ਼ਾਇਦੇਮੰਦ ਹੁੰਦਾ ਹੈ। ਰੋਣ ਵੇਲੇ ਹੰਝੂ ਨਿਕਲਣ ਨਾਲ ਅੱਖਾਂ ਦੇ ਅੰਦਰ ਬੈਠੇ ਕਈ ਬੈਕਟੀਰੀਆ ਬਾਹਰ ਨਿਕਲ ਜਾਂਦੇ ਹਨ, ਜੋ ਅੱਖਾਂ ਨੂੰ ਕਈ ਬਿਮਾਰੀਆਂ ਤੋਂ ਬਚਾ ਸਕਦੇ ਹਨ।