ਆਇਰਿਸ਼ ਅਦਾਕਾਰ ਸਿਲਿਅਨ ਮਰਫੀ ਅਤੇ ਕ੍ਰਿਸਟੋਫਰ ਨੋਲਨ ਦੀ ਨਵੀਂ ਫਿਲਮ 'ਓਪਨਹਾਈਮਰ' ਦੁਨੀਆ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। 21 ਜੁਲਾਈ ਨੂੰ ਰਿਲੀਜ਼ ਹੋਈ ਇਸ ਬਹੁਚਰਚਿਤ ਫਿਲਮ ਤੋਂ ਪਹਿਲਾਂ 2 ਲੱਖ ਤੋਂ ਵੱਧ ਦੀ ਐਡਵਾਂਸ ਬੁਕਿੰਗ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ। ਪਰ ਇਸ ਵਿਚਾਲੇ ਫਿਲਮ ਦੇ ਇੱਕ ਸੀਨ ਨੂੰ ਲੈ ਹੰਗਾਮਾ ਮੱਚ ਗਿਆ ਹੈ। ਜੀ ਹਾਂ ਫਿਲਮ ਰਿਲੀਜ਼ ਹੁੰਦੇ ਹੀ ਵਿਵਾਦਾਂ ਵਿੱਚ ਘਿਰ ਗਈ ਹੈ। ਦਰਅਸਲ, ਫਿਲਮ ਵਿੱਚ ਇੱਕ ਅਜਿਹਾ ਸੀਨ ਸਾਹਮਣੇ ਆਇਆ ਹੈ ਜਿਸ ਵਿੱਚ ਰਾਬਰਟ ਦੀ ਭੂਮਿਕਾ ਨਿਭਾ ਰਹੇ ਅਦਾਕਾਰ ਸਿਲਿਅਨ ਮਰਫੀ ਨੂੰ ਸੈਕਸ ਸੀਨ ਦੌਰਾਨ ਕਥਿਤ ਤੌਰ 'ਤੇ ਹਿੰਦੂ ਧਰਮ ਦੇ ਮੁੱਖ ਗ੍ਰੰਥ ਭਗਵਦ ਗੀਤਾ ਦਾ ਪਾਠ ਕਰਦੇ ਦਿਖਾਇਆ ਗਿਆ ਹੈ। ਹਾਲਾਂਕਿ ਹੁਣ ਭਾਰਤੀ ਪ੍ਰਸ਼ੰਸਕਾਂ ਨੇ ਫਿਲਮ 'ਚ ਦਿਖਾਏ ਗਏ ਗੀਤਾ ਨੂੰ ਪੜ੍ਹਨ ਵਾਲੇ ਸੀਨ ਉੱਤੇ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਵੱਲੋਂ ਗੁੱਸੇ ਵਿੱਚ ਭੜਕ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਜੇ. ਰਾਬਰਟ ਓਪਨਹਾਈਮਰ, ਇੱਕ ਭੌਤਿਕ ਵਿਗਿਆਨੀ ਜਿਸਨੂੰ ਐਟਮ ਬੰਬ ਬਣਾਉਣ ਦਾ ਸਿਹਰਾ ਦਿੱਤਾ ਜਾਂਦਾ ਹੈ। ਸਿਲਿਅਨ ਮਰਫੀ ਓਪਨਹਾਈਮਰ ਦੀ ਭੂਮਿਕਾ ਨਿਭਾ ਰਿਹਾ ਹੈ। ਮਰਫੀ ਨੇ ਕਿਹਾ ਕਿ ਉਸ ਨੇ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹਿੰਦੂਆਂ ਦੀ ਪਵਿੱਤਰ ਕਿਤਾਬ ਪੜ੍ਹੀ ਸੀ। ਤੁਹਾਨੂੰ ਦੱਸ ਦਈਏ ਗੀਤਾ ਪੜ੍ਹਨ ਦਾ ਇਹ ਸੀਨ ਫਿਲਮ ਵਿੱਚ ਇੱਕ ਇੰਟੀਮੇਟ ਸੀਨ ਦੌਰਾਨ ਦਿਖਾਇਆ ਗਿਆ ਹੈ। ਇਹ ਸੀਨ ਦਰਸ਼ਕਾਂ ਨੂੰ ਚੰਗਾ ਨਹੀਂ ਲੱਗਾ, ਜਿਨ੍ਹਾਂ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਦ੍ਰਿਸ਼ ਨੂੰ ਹਟਾਏ ਬਿਨਾਂ ਫਿਲਮ ਨੂੰ ਰਿਲੀਜ਼ ਕਰਨ ਦੀ ਇਜਾਜ਼ਤ ਦੇਣ ਲਈ ਸੀਬੀਐਫਸੀ 'ਤੇ ਸਵਾਲ ਉਠਾਏ। ਪ੍ਰਸ਼ੰਸਕਾਂ ਦਾ ਗੁੱਸਾ ਹੁਣ ਸੋਸ਼ਲ ਮੀਡੀਆ 'ਤੇ ਦਿਖਾਈ ਦੇ ਰਿਹਾ ਹੈ ਜੋ ਫਿਲਮ ਦੀ ਆਲੋਚਨਾ ਕਰ ਰਹੇ ਹਨ।