Punjabi Singer Dilpreet Dhillon Show: ਮਸ਼ਹੂਰ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਗਾਇਕੀ ਦੇ ਦਮ ਤੇ ਪੰਜਾਬੀਆਂ ਵਿਚਾਲੇ ਖੂਬ ਵਾਹੋ-ਵਾਹੀ ਖੱਟੀ ਹੈ।



ਢਿੱਲੋਂ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਦੇ ਚੱਲਦਿਆਂ ਅਕਸਰ ਸੁਰਖੀਆਂ ਵਿੱਚ ਰਹੇ ਹਨ। ਇਸ ਵਿਚਾਲੇ ਗਾਇਕ ਆਪਣੇ ਅਜਿਹੇ ਸ਼ੋਅ ਦੇ ਚਲਦਿਆਂ ਚਰਚਾ ਵਿੱਚ ਹਨ, ਜਿਸ ਕਾਰਨ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ।



ਦਰਅਸਲ, ਹਾਲ ਹੀ ਵਿੱਚ ਪੰਜਾਬੀ ਗਾਇਕ ਦੇ ਲਾਈਵ ਸ਼ੋਅ ਦੌਰਾਨ ਭਾਰੀ ਹੰਗਾਮਾ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਮੋਰਿੰਡਾ ਵਿੱਚ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਪ੍ਰੀਤ ਢਿੱਲੋਂ ਦੇ ਲਾਈਵ ਸ਼ੋਅ ਦੌਰਾਨ ਭਾਰੀ ਹੰਗਾਮਾ ਹੋਇਆ।



ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਦਿਲਪ੍ਰੀਤ ਢਿੱਲੋਂ ਨੇ ਸਟੇਜ 'ਤੇ ਸਿਰਫ਼ ਅੱਧੇ ਘੰਟੇ ਲਈ ਲਾਈਵ ਪ੍ਰਦਰਸ਼ਨ ਕੀਤਾ ਜਿਸ ਕਾਰਨ ਲੋਕ ਗੁੱਸੇ ਵਿੱਚ ਆ ਗਏ। ਸ਼ੋਅ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਦਿਲਪ੍ਰੀਤ ਨੇ ਅੱਧੇ ਘੰਟੇ ਲਈ ਲਾਈਵ ਪ੍ਰਦਰਸ਼ਨ ਦਿੱਤਾ,



ਜਿਸ ਵਿੱਚੋਂ ਉਸਨੇ 10 ਮਿੰਟ ਹੈਲੋ ਹੈਲੋ ਕਿਹਾ। ਇਸ ਤੋਂ ਬਾਅਦ ਉਸਨੇ ਸਿਰਫ਼ 20 ਮਿੰਟ ਲਈ ਪ੍ਰਦਰਸ਼ਨ ਕੀਤਾ। ਜਿਵੇਂ ਹੀ ਦਿਲਪ੍ਰੀਤ ਪੇਸ਼ਕਾਰੀ ਤੋਂ ਬਾਅਦ ਸਟੇਜ ਤੋਂ ਹੇਠਾਂ ਆਇਆ, ਲੋਕਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।



ਦੱਸਿਆ ਜਾ ਰਿਹਾ ਹੈ ਕਿ ਦਿਲਪ੍ਰੀਤ ਢਿੱਲੋਂ ਪ੍ਰਬੰਧਕਾਂ ਕੋਲੋਂ 5 ਲੱਖ 90 ਹਜ਼ਾਰ ਰੁਪਏ ਲੈ ਕੇ ਸਿਰਫ ਅੱਧੇ ਘੰਟੇ ਲਈ ਲਾਈਵ ਪ੍ਰਦਰਸ਼ਨ ਕਰਕੇ ਵਾਪਿਸ ਚਲਾ ਗਿਆ।



ਇਸ ਸਾਰੇ ਵਿਵਾਦ ਉੱਪਰ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਟੇਜ ਉੱਪਰ ਪਰਫਾਰਮ ਦੌਰਾਨ ਮਿਸ ਕਮਿਊਨੀਕੇਸ਼ਨ ਹੋ ਗਿਆ ਸੀ। ਉਸ ਦੌਰਾਨ ਉਨ੍ਹਾਂ ਨੇ ਬੈਕਅਪ ਕਰਕੇ ਚਲਾਉਣ ਲਈ ਕਿਹਾ ਸੀ,



ਪਰ ਮੈਨੂੰ ਲੱਗਿਆ ਸ਼ਾਇਦ ਉਨ੍ਹਾਂ ਵੱਲੋਂ ਪੈਕਅਪ ਕਿਹਾ ਗਿਆ ਹੈ। ਇਸਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕੀ ਮਾਮਲਾ ਸੁਲਝ ਚੁੱਕਿਆ ਹੈ, ਸਾਡੇ ਵਿੱਚ ਕਿਹੜਾ ਕੋਈ ਵਿਵਾਦ ਸੀ। ਉਨ੍ਹਾਂ ਕਿਹਾ ਕਿ ਪੈਮੇਂਟ ਦਾ ਕੋਈ ਰੋਲਾ ਨਹੀਂ ਸੀ, ਇਹ ਸਭ ਕੁਝ ਟੈਕਨੀਕਲ ਪਰੇਸ਼ਾਨੀ ਦੇ ਚਲਦਿਆਂ ਵੀ ਹੋਇਆ।