Punjabi Singer R Nait: ਪੰਜਾਬੀ ਸਿਨੇਮਾ ਜਗਤ ਵਿੱਚ ਅਜਿਹੇ ਕਈ ਸਿਤਾਰੇ ਮੌਜੂਦ ਹਨ, ਜਿਨ੍ਹਾਂ ਨੂੰ ਗੈਂਗਸਟਰਾਂ ਵੱਲੋਂ ਕਈ ਵਾਰ ਧਮਕੀਆਂ ਮਿਲੀਆਂ ਹਨ।



ਹਾਲਾਂਕਿ ਮਸ਼ੂਹਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਵੀ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਵਿਚਾਲੇ ਸੰਗੀਤ ਜਗਤ ਤੋਂ ਇੱਕ ਹੋਰ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਪ੍ਰਸ਼ੰਸਕਾਂ ਦੇ ਹੋਸ਼ ਉੱਡਾ ਦਿੱਤੇ ਹਨ।



ਦਰਅਸਲ, ਹੁਣ ਪੰਜਾਬੀ ਗਾਇਕ ਆਰ ਨੇਤ ਨੂੰ ਧਮਕੀ ਭਰਿਆ ਕਾਲ ਆਇਆ ਹੈ ਅਤੇ ਕਰੀਬ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਆਰ ਨੇਤ ਨੂੰ ਕਾਫੀ ਸਮੇਂ ਤੋਂ ਅਜਿਹੀਆਂ ਕਾਲਾਂ ਆ ਰਹੀਆਂ ਸਨ।



ਇਸ ਸਬੰਧੀ ਆਰ ਨੇਤ ਦੀ ਟੀਮ ਨੇ ਪੰਜਾਬ ਪੁਲਿਸ ਨੂੰ ਸ਼ਿਕਾਇਤ ਦਿੱਤੀ। ਪੁਲਿਸ ਨੇ ਉਕਤ ਫ਼ੋਨ ਨੰਬਰਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।



ਜਾਣਕਾਰੀ ਲਈ ਦੱਸ ਦੇਈਏ ਕਿ ਪੰਜਾਬੀ ਗਾਇਕ ਆਰ ਨੇਤ ਦੇ ਮੈਨੇਜਰ ਰਜਿੰਦਰ ਪਾਲ ਸਿੰਘ ਵੱਲੋਂ ਦਿੱਤੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਉਸ ਨੂੰ ਵਾਰ-ਵਾਰ ਵਿਦੇਸ਼ੀ ਨੰਬਰਾਂ ਤੋਂ ਫੋਨ ਆ ਰਹੇ ਹਨ, ਜਿਸ ਵਿੱਚ ਕੁਝ ਰਿਕਾਰਡਿੰਗ ਵੀ ਭੇਜੀ ਗਈ ਹੈ।



ਜਿਸ ਵਿੱਚ ਉਹ ਫਿਰੌਤੀ ਦੀ ਮੰਗ ਕਰ ਰਹੇ ਹਨ ਤੇ ਕਿਹਾ ਜਾ ਰਿਹਾ ਹੈ ਕਿ ਜੇਕਰ ਫਿਰੌਤੀ ਦੀ ਰਕਮ ਦਾ ਭੁਗਤਾਨ ਨਾ ਕੀਤਾ ਗਿਆ ਤਾਂ ਉਹ ਜਾਨ ਤੋਂ ਮਾਰ ਦੇਣਗੇ।



ਹਾਲਾਂਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਕਿਸੇ ਗੈਂਗਸਟਰ ਦਾ ਨਾਂ ਨਹੀਂ ਲਿਆ ਗਿਆ ਹੈ। ਪਰ ਇੱਕ ਮੀਡੀਆ ਗਰੁੱਪ ਨਾਲ ਗੱਲਬਾਤ ਕਰਦੇ ਹੋਏ ਆਰ ਨੇਤ ਦੇ ਮੈਨੇਜਰ ਨੇ ਕਿਹਾ ਹੈ ਕਿ ਉਸ ਨੂੰ ਲਾਰੈਂਸ ਅਤੇ ਰਿੰਦਾ ਦੇ ਨਾਂ 'ਤੇ ਧਮਕੀਆਂ ਮਿਲੀਆਂ ਹਨ।



ਮੁਲਜ਼ਮਾਂ ਨੇ ਕਰੀਬ 1 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਨੇ ਮਾਮਲੇ ਦੀ ਤੇਜ਼ੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।



ਇਸ ਖਬਰ ਦੇ ਸਾਹਮਣੇ ਆਉਂਦੇ ਹੀ ਇੱਕ ਵਾਰ ਫਿਰ ਤੋਂ ਪੰਜਾਬ ਦੇ ਹਾਲਾਤਾਂ ਤੇ ਸਵਾਲ ਚੁੱਕੇ ਜਾ ਰਹੇ ਹਨ।