Punjabi Singer Mankirt Aulakh: ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਦੋਸ਼ੀ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।



ਦੋਸ਼ੀ ਦੀ ਪਛਾਣ ਹਰਜਿੰਦਰ ਸਿੰਘ ਵਜੋਂ ਹੋਈ ਹੈ, ਜੋਕਿ ਪਿੰਡ ਖੁੱਡਾ ਜੱਸੂ, ਥਾਣਾ ਸਾਰੰਗਪੁਰ, ਚੰਡੀਗੜ੍ਹ ਦਾ ਰਹਿਣ ਵਾਲਾ ਹੈ। ਦੋਸ਼ੀ ਨੂੰ ਦਿੱਲੀ ਹਵਾਈ ਅੱਡੇ ਤੋਂ ਫੜਿਆ ਗਿਆ, ਉਹ ਵਿਦੇਸ਼ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ।



SSP ਮੋਹਾਲੀ ਹਰਮਦੀਪ ਸਿੰਘ ਹੰਸ ਨੇ ਕਿਹਾ ਕਿ ਦੋਸ਼ੀ ਤੋਂ ਪੁੱਛਗਿੱਛ ਦੌਰਾਨ ਕਈ ਹੋਰ ਖੁਲਾਸੇ ਹੋਣ ਦੀ ਉਮੀਦ ਹੈ। ਸ਼ੁਰੂਆਤੀ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀ ਪਿਛਲੇ ਕਈ ਸਾਲਾਂ ਤੋਂ ਇਟਲੀ ਵਿੱਚ ਰਹਿ ਰਿਹਾ ਸੀ।



ਜਿਵੇਂ ਹੀ ਉਸ ਨੂੰ ਲੱਗਾ ਕਿ ਪੁਲਿਸ ਉਸ ਤੱਕ ਪਹੁੰਚ ਜਾਵੇਗੀ, ਉਸ ਨੇ ਵਿਦੇਸ਼ ਭੱਜਣ ਦੀ ਯੋਜਨਾ ਬਣਾਈ। ਪਰ ਉਹ ਇਸ ਵਿੱਚ ਸਫਲ ਨਹੀਂ ਹੋ ਸਕਿਆ ਅਤੇ ਇਸ ਤੋਂ ਪਹਿਲਾਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।



ਇਸ ਮਾਮਲੇ ਵਿੱਚ ਮਨਕੀਰਤ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮਟੌਰ ਥਾਣੇ ਵਿੱਚ ਬੀਐਨਐਸ ਦੀ ਧਾਰਾ 318 (5) ਅਤੇ 351 (2) ਤਹਿਤ ਮਾਮਲਾ ਦਰਜ ਕੀਤਾ ਸੀ। ਹੁਣ ਦੋਸ਼ੀ ਪੁਲਿਸ ਹਿਰਾਸਤ ਵਿੱਚ ਹੈ, ਨਾਲ ਹੀ ਦੋਸ਼ੀ ਦਾ ਰਿਮਾਂਡ ਲਿਆ ਜਾਵੇਗਾ।



ਮਨਕੀਰਤ ਔਲਖ ਨੂੰ ਕਾਲਾਂ ਅਤੇ ਵ੍ਹਾਟਸਐਪ ਮੈਸੇਜਾਂ ਰਾਹੀਂ ਧਮਕੀ ਦਿੱਤੀ ਗਈ ਸੀ, ਉਸ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਇੱਕ ਸੁਨੇਹਾ ਮਿਲਿਆ, ਜਿਸ ਵਿੱਚ ਗਾਇਕ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ।



ਗਾਇਕ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਗਾਇਕ ਮਨਕੀਰਤ ਔਲਖ ਨੂੰ ਜੋ ਸੁਨੇਹਾ ਮਿਲਿਆ ਉਹ ਪੰਜਾਬੀ ਵਿੱਚ ਸੀ। ਇਸ ਵਿੱਚ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ।



ਮੈਸੇਜ ਵਿਚ ਲਿਖਿਆ ਸੀ- ਤਿਆਰੀ ਕਰ ਲੈ ਬੇਟੇ ਤੇਰਾ ਟਾਈਮ ਆ ਗਿਆ, ਚਾਹੇ ਤੇਰੀ ਜਨਾਨੀ ਹੋਵੇ ਚਾਹੇ ਤੇਰਾ ਬੱਚਾ ਹੋਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਪੁੱਤ ਤੇਰਾ ਨੰਬਰ ਲਾਉਣਾ।



ਇਹ ਨਾ ਸੋਚੀਂ ਕਿ ਤੈਨੂੰ ਧਮਕੀ ਦਾ ਕੋਈ ਮਜ਼ਾਕ ਕੀਤਾ, ਨੰਬਰ ਲਾਣਾ ਪੁੱਤ ਕਿੱਦਾਂ ਲੱਗਦਾ, ਦੇਖੀ ਚੱਲ ਪੁੱਤ ਹੁਣ ਤੇਰੇ ਨਾਲ ਕੀ-ਕੀ ਹੋਣਾ।