ਪੰਜਾਬੀ ਫਿਲਮ ਇੰਡਸਟਰੀ ਅੱਜ ਸੋਗ ਦੇ ਵਿੱਚ ਡੁੱਬੀ ਪਈ ਹੈ। ਲੋਕਾਂ ਨੂੰ ਹਸਾਉਣ ਵਾਲੇ ਜਸਵਿੰਦਰ ਭੱਲਾ ਅੱਜ ਹਰ ਕਿਸੇ ਦੀ ਅੱਖ ਨੂੰ ਨਮ ਕਰ ਗਏ। ਉਨ੍ਹਾਂ ਨੇ ਸਿਰਫ਼ 65 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

ਉਨ੍ਹਾਂ ਦੇ ਦੇਹਾਂਤ ਨੇ ਸਾਰਿਆਂ ਨੂੰ ਦੁਖੀ ਕਰ ਦਿੱਤਾ, ਉਹ ਸਿਨੇਮਾ ਦੀ ਦੁਨੀਆ ਦੇ ਚਮਕਦੇ ਸਿਤਾਰੇ ਸਨ, ਜਿਨ੍ਹਾਂ ਨੇ ਹਜ਼ਾਰਾਂ ਚਿਹਰਿਆਂ ‘ਤੇ ਮੁਸਕਰਾਹਟ ਬਿਖੇਰੀ।

ਆਪਣੇ ਸੰਤੁਲਿਤ ਪ੍ਰਦਰਸ਼ਨ ਅਤੇ ਸ਼ਾਨਦਾਰ ਕਾਮਿਕ ਟਾਈਮਿੰਗ ਦੇ ਕਾਰਨ, ਉਹ ਹਰ ਉਮਰ ਲੋਕ ਉਨ੍ਹਾਂ ਦੇ ਫੈਨਜ਼ ਸਨ। ਬੱਚਿਆਂ ਤੋਂ ਲੈ ਕੇ ਨੌਜਵਾਨ, ਬਜ਼ੁਰਗ ਹਰ ਕੋਈ ਉਨ੍ਹਾਂ ਨੂੰ ਖੂਬ ਪਸੰਦ ਕਰਦਾ ਸੀ।

ਜਸਵਿੰਦਰ ਭੱਲਾ ਪੰਜਾਬੀ ਇੰਡਸਟਰੀ ਦੇ ਸਭ ਤੋਂ ਪੜ੍ਹੇ-ਲਿਖੇ ਸਿਤਾਰਿਆਂ ਵਿੱਚੋਂ ਇੱਕ ਸਨ।

ਜਸਵਿੰਦਰ ਭੱਲਾ ਪੰਜਾਬੀ ਇੰਡਸਟਰੀ ਦੇ ਸਭ ਤੋਂ ਪੜ੍ਹੇ-ਲਿਖੇ ਸਿਤਾਰਿਆਂ ਵਿੱਚੋਂ ਇੱਕ ਸਨ।

ਉਨ੍ਹਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਤੋਂ ਖੇਤੀਬਾੜੀ ਵਿਗਿਆਨ ਵਿੱਚ PhD ਦੀ ਡਿਗਰੀ ਪ੍ਰਾਪਤ ਕੀਤੀ ਸੀ।

ਆਪਣੇ ਕਾਲਜ ਦੇ ਦਿਨਾਂ ਦੌਰਾਨ, ਉਨ੍ਹਾਂ ਨੇ ਯੂਨੀਵਰਸਿਟੀ ਪ੍ਰੋਗਰਾਮਾਂ 'ਚ ਕਾਮੇਡੀ ਕਰਨੀ ਸ਼ੁਰੂ ਕਰ ਦਿੱਤੀ, ਪਰ ਇਸ ਦੇ ਬਾਵਜੂਦ, ਉਨ੍ਹਾਂ ਨੇ ਆਪਣੀ ਪੜ੍ਹਾਈ ਵੱਲ ਪੂਰਾ ਧਿਆਨ ਦਿੱਤਾ।

ਉਹ ਪਹਿਲਾਂ ਇੱਕ ਪ੍ਰੋਫੈਸਰ ਰਹੇ ਅਤੇ ਆਪਣੇ ਵਿਦਿਆਰਥੀਆਂ ਵਿੱਚ ਵੀ ਬਹੁਤ ਪ੍ਰਸਿੱਧ ਸਨ। ਪਰ ਉਸ ਤੋਂ ਬਾਅਦ ਉਹਨਾਂ ਨੇ ਕਮੇਡੀ ਅਤੇ ਫਿਲਮਾਂ ਦੀ ਦੁਨੀਆ ਵਿੱਚ ਕਦਮ ਰੱਖਿਆ।

ਜਸਵਿੰਦਰ ਭੱਲਾ ਦੀ ਕਾਮੇਡੀ ਦੀ ਸ਼ੁਰੂਆਤ 1988 ਵਿੱਚ “ਛਣਕਾਟਾ 88” ਨਾਲ ਹੋਈ, ਜਿਸ ਵਿੱਚ ਉਨ੍ਹਾਂ ਦਾ ਮਸ਼ਹੂਰ ਕਿਰਦਾਰ “ਚਾਚਾ ਚਤਰਾ” ਬਹੁਤ ਪ੍ਰਸਿੱਧ ਹੋਇਆ। ਇਸ ਪ੍ਰੋਗਰਾਮ 'ਚ ਉਨ੍ਹਾਂ ਦੇ ਸਾਥੀ ਕਲਾਕਾਰ ਬਾਲ ਮੁਕੰਦ ਸ਼ਰਮਾ ਅਤੇ ਕਮਲਜੀਤ ਨੀਰੂ ਸਨ।

ਇਸ ਸੀਰੀਜ਼ ਨੇ ਉਨ੍ਹਾਂ ਨੂੰ ਪੰਜਾਬੀ ਦਰਸ਼ਕਾਂ ਵਿੱਚ ਘਰ-ਘਰ ਪਛਾਣ ਦਿਵਾਈ। ਉਨ੍ਹਾਂ ਦੀਆਂ ਤਿੱਖੀਆਂ ਅਤੇ ਮਜ਼ੇਦਾਰ ਪੰਚ ਲਾਈਨਾਂ ਨੇ ਦਰਸ਼ਕਾਂ ਦੇ ਦਿਲ ਜਿੱਤ ਲਏ। “ਛਣਕਾਟਾ” ਦੀ ਸਫਲਤਾ ਨੇ ਉਨ੍ਹਾਂ ਨੂੰ ਪੰਜਾਬੀ ਸਿਨੇਮਾ ਵੱਲ ਰੁਖ ਕਰਨ ਲਈ ਪ੍ਰੇਰਿਤ ਕੀਤਾ।

ਪੰਜਾਬੀ ਫਿਲਮਾਂ ਵਿੱਚ ਜਸਵਿੰਦਰ ਭੱਲਾ ਨੇ ਆਪਣੀ ਸ਼ੁਰੂਆਤ 1998 ਵਿੱਚ ਫਿਲਮ “ਦੁੱਲਾ ਭੱਟੀ” ਨਾਲ ਕੀਤੀ।



ਇਸ ਤੋਂ ਬਾਅਦ ਉਨ੍ਹਾਂ ਨੇ “ਕੈਰੀ ਆਨ ਜੱਟਾ”, “ਜੱਟ ਐਂਡ ਜੂਲੀਅਟ”, “ਮੇਲ ਕਰਾਦੇ ਰੱਬਾ” ਅਤੇ “ਡੈਡੀ ਕੂਲ ਮੁੰਡੇ ਫੂਲ” ਵਰਗੀਆਂ ਕਈ ਹਿੱਟ ਫਿਲਮਾਂ ਵਿੱਚ ਕੰਮ ਕੀਤਾ।

ਉਨ੍ਹਾਂ ਦੀ ਅਦਾਕਾਰੀ ਨੇ ਨਾ ਸਿਰਫ ਪੰਜਾਬ ਵਿੱਚ, ਸਗੋਂ ਵਿਦੇਸ਼ਾਂ ਵਿੱਚ ਵੀ ਪ੍ਰਸ਼ੰਸਕਾਂ ਦਾ ਪਿਆਰ ਹਾਸਲ ਕੀਤਾ।

ਜਸਵਿੰਦਰ ਭੱਲਾ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਆਪਣਾ ਬ੍ਰਾਂਡ ਅੰਬੈਸਡਰ ਵੀ ਨਿਯੁਕਤ ਕੀਤਾ ਸੀ। ਉਨ੍ਹਾਂ ਨੇ ਯੂਨੀਵਰਸਿਟੀ ਦੀਆਂ ਖੇਤੀਬਾੜੀ ਤਕਨੀਕਾਂ ਅਤੇ ਸਿੱਖਿਆ ਨੂੰ ਕਿਸਾਨਾਂ ਤੱਕ ਪਹੁੰਚਾਉਣ ਵਿੱਚ ਅਹਿਮ ਯੋਗਦਾਨ ਪਾਇਆ।

ਜਸਵਿੰਦਰ ਭੱਲਾ ਦੀ ਸਾਦਗੀ ਅਤੇ ਚੰਗੇ ਸੁਭਾਅ ਨੇ ਉਹਨਾਂ ਨੂੰ ਪੰਜਾਬੀ ਸਿਨੇਮਾ ਅਤੇ ਲੋਕਾਂ ਦੇ ਦਿਲਾਂ ਵਿੱਚ ਅਮਰ ਬਣਾ ਦਿੱਤਾ।