Sangrur News: ਸੰਗਰੂਰ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ 20 ਲੋਕਾਂ ਦੀ ਜਾਨ ਲੈਣ ਵਾਲੀ ਨਕਲੀ ਸ਼ਰਾਬ, ਦਰਅਸਲ ਮਿਥੇਨੌਲ ਸੀ,



ਜੋ ਉਦਯੋਗਿਕ ਉਤਪਾਦਾਂ ਵਿੱਚ ਵਰਤਿਆ ਜਾਣ ਵਾਲਾ ਇੱਕ ਘਾਤਕ ਰਸਾਇਣ ਹੁੰਦਾ ਹੈ।



ਦੋਸ਼ੀਆਂ ਨੇ ਇਹ ਰਸਾਇਣ ਨੋਇਡਾ ਦੀ ਇੱਕ ਫੈਕਟਰੀ ਤੋਂ ਉਦਯੋਗਿਕ ਕੰਮਾਂ ਲਈ ਵਰਤਣ ਦੇ ਬਹਾਨੇ ਖਰੀਦਿਆ ਸੀ।



ਇਹ ਜਾਣਕਾਰੀ ਉਕਤ ਮਾਮਲੇ ਦੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੀ ਅਗਵਾਈ ਕਰ ਰਹੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਨੇ ਦਿੱਤੀ।



ਏਡੀਜੀਪੀ ਢਿੱਲੋਂ, ਐਸਐਸਪੀ ਸੰਗਰੂਰ-ਕਮ-ਐਸਆਈਟੀ ਮੈਂਬਰ ਸਰਤਾਜ ਸਿੰਘ ਚਾਹਲ ਦੇ ਨਾਲ ਸ਼ਨੀਵਾਰ ਨੂੰ ਇੱਥੇ ਪੰਜਾਬ ਪੁਲਿਸ ਹੈੱਡਕੁਆਰਟਰ (ਪੀਪੀਐਚਕਿਊ) ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।



ਪ੍ਰਾਪਤ ਜਾਣਕਾਰੀ ਅਨੁਸਾਰ ਸੰਗਰੂਰ ਪੁਲੀਸ ਨੇ ਇਸ ਮਾਮਲੇ ਵਿੱਚ ਤਿੰਨ ਵੱਖ ਵੱਖ ਥਾਣਿਆਂ-ਦਿੜ੍ਹਬਾ, ਸਿਟੀ ਸੁਨਾਮ ਤੇ ਚੀਮਾਂ ਵਿਖੇ ਤਿੰਨ ਵੱਖ-ਵੱਖ ਐਫਆਈਆਰਜ਼ ਦਰਜ ਕਰਕੇ ਨਾਮਜ਼ਦ ਕੀਤੇ



10 ਦੋਸ਼ੀਆਂ ਵਿਚੋਂ ਅੱਠ ਮੁਲਜ਼ਮਾਂ ਸਮੇਤ ਦੋ ਮਾਸਟਰ ਮਾਈਂਡਜ਼, ਜਿਨ੍ਹਾਂ ਦੀ ਪਛਾਣ ਗੁਰਲਾਲ ਸਿੰਘ ਵਾਸੀ ਪਿੰਡ ਉਭਾਵਾਲ, ਸੰਗਰੂਰ ਤੇ ਹਰਮਨਪ੍ਰੀਤ ਸਿੰਘ ਵਾਸੀ ਪਿੰਡ ਤਾਈਪੁਰ ਵਜੋਂ ਹੋਈ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਹੈ।



ਦੋਵਾਂ ਮਾਸਟਰਮਾਈਂਡਜ਼ ਦਾ ਅਪਰਾਧਿਕ ਪਿਛੋਕੜ ਹੈ ਤੇ ਉਹ ਸੰਗਰੂਰ ਜੇਲ੍ਹ ਵਿਚ ਇੱਕ-ਦੂਜੇ ਦੇ ਸੰਪਰਕ ਵਿੱਚ ਆਏ ਸਨ।



ਗ੍ਰਿਫ਼ਤਾਰ ਕੀਤੇ ਗਏ ਹੋਰ ਛੇ ਮੁਲਜ਼ਮਾਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਮਨੀ ਅਤੇ ਸੁਖਵਿੰਦਰ ਸਿੰਘ ਉਰਫ਼ ਸੁੱਖੀ ਦੋਵੇਂ ਵਾਸੀ ਪਿੰਡ ਗੁੱਜਰਾਂ, ਦਿੜ੍ਹਬਾ ;



ਸੋਮਾ ਕੌਰ, ਰਾਹੁਲ ਉਰਫ਼ ਸੰਜੂ ਅਤੇ ਪਰਦੀਪ ਸਿੰਘ ਉਰਫ਼ ਬੱਬੀ ਤਿੰਨੋਂ ਵਾਸੀ ਚੁਹਵਾਂ, ਚੀਮਾਂ ਤੇ ਅਰਸ਼ਦੀਪ ਸਿੰਘ ਉਰਫ ਅਰਸ਼ ਪਿੰਡ ਰੋਗਲਾ ਵਜੋਂ ਹੋਈ ਹੈ।



ਪੁਲਿਸ ਟੀਮਾਂ ਨੇ ਇਨ੍ਹਾਂ ਦੇ ਕਬਜ਼ੇ ’ਚੋਂ 200 ਲੀਟਰ ਮਿਥੇਨੌਲ ਕੈਮੀਕਲ, ਸ਼ਰਾਬ ਦੀਆਂ ਖਾਲੀ ਬੋਤਲਾਂ ਅਤੇ ਢੱਕਣ ਅਤੇ ਨਕਲੀ ਸ਼ਰਾਬ ਬਣਾਉਣ ਅਤੇ ਲੇਬਲਿੰਗ ਕਰਨ ਲਈ ਵਰਤਿਆ ਜਾਣ ਵਾਲਾ ਹੋਰ ਸਾਮਾਨ ਵੀ ਬਰਾਮਦ ਕੀਤਾ ਹੈ।



ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮੁਲਜ਼ਮ ਹਰਮਨਪ੍ਰੀਤ ਆਪਣੇ ਸਾਥੀ ਗੁਰਲਾਲ ਨਾਲ ਮਿਲ ਕੇ ਨੋਇਡਾ ਸਥਿਤ ਫੈਕਟਰੀ ਤੋਂ ਮਿਥੇਨੌਲ ਕੈਮੀਕਲ ਮੰਗਵਾਉਂਦਾ ਸੀ ਤੇ ਆਪਣੇ ਘਰ ਵਿੱਚ ਨਕਲੀ ਸ਼ਰਾਬ ਤਿਆਰ ਕਰਕੇ ‘ਸ਼ਾਹੀ’ ਮਾਰਕਾ ਲੇਬਲ ਵਾਲੀ ਸ਼ਰਾਬ ਦੀ ਬੋਤਲ ਵਿੱਚ ਪੈਕ ਕਰਕੇ ਵੇਚਦਾ ਸੀ।



ਮੁਲਜ਼ਮ ਘਰ ਵਿੱਚ ਪ੍ਰਿੰਟਰ ਦੀ ਵਰਤੋਂ ਕਰਕੇ ਲੇਬਲ ਬਣਾ ਰਿਹਾ ਸੀ, ਜਦੋਂ ਕਿ ਬੋਤਲ ਕੈਪ ਲਗਾਉਣ ਦੀ ਮਸ਼ੀਨ ਉਸਨੇ ਲੁਧਿਆਣਾ ਤੋ ਮੰਗਵਾਈ ਸੀ।



ਉਨ੍ਹਾਂ ਦੱਸਿਆ ਕਿ ਇਹ ਮਾਸਟਰ ਮਾਈਂਡ ਨਕਲੀ ਸ਼ਰਾਬ ਵੇਚਣ ਲਈ ਸਥਾਨਕ ਵਿਅਕਤੀ ਮਨਪ੍ਰੀਤ ਮਨੀ (ਗ੍ਰਿਫਤਾਰ) ਦੀ ਮਦਦ ਲੈਂਦੇ ਸਨ । ਉਨ੍ਹਾਂ ਦੱਸਿਆ ਕਿ ਮੁਲਜ਼ਮ ਅੱਧੀ ਕੀਮਤ ’ਤੇ ਨਕਲੀ ਸ਼ਰਾਬ ਵੇਚਣ ਲਈ ਮਜ਼ਦੂਰ ਵਰਗ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸੀ।