ਪੰਜਾਬ ਅੰਦਰ ਨਸ਼ਿਆਂ ਖਿਲਾਫ ਛੇੜੀ ਜੰਗ ਦਾ ਇੱਕ ਭਿਆਨਕ ਰੂਪ ਸਾਹਮਣੇ ਆਇਆ ਹੈ। ਨਸ਼ਿਆਂ ਦੀ ਸਪਲਾਈ ਘਟਣ ਕਰਕੇ ਅਮਲੀ 'ਸਰਕਾਰੀ ਗੋਲੀਆਂ' 'ਤੇ ਲੱਗ ਗਏ ਹਨ।

ਸਰਕਾਰ ਵੱਲੋਂ ਨਸ਼ਾ ਛੱਡਣ ਵਾਲਿਆਂ ਨੂੰ ਓਟ ਕਲੀਨਿਕਾਂ ਰਾਹੀਂ ਇਹ ਗੋਲੀਆਂ ਮੁਫਤ ਦਿੱਤੀਆਂ ਜਾਂਦੀਆਂ ਹਨ।

ਸਰਕਾਰੀ ਅੰਕੜਿਆਂ ਮੁਤਾਬਕ ਜਨਵਰੀ ਵਿੱਚ 88 ਲੱਖ ਗੋਲੀਆਂ ਦੀ ਖ਼ਪਤ ਸੀ ਜੋ ਮਈ ਵਿੱਚ ਵਧ ਕੇ 91 ਲੱਖ ਹੋ ਗਈ।

ਸੂਤਰਾਂ ਮੁਤਾਬਕ ਪੁਲਿਸ ਦੀ ਸਖਤੀ ਕਰਕੇ ਸਿੰਥੈਟਿਕ ਨਸ਼ਿਆਂ ਦੇ ਨਾਲ-ਨਾਲ ਅਫੀਮ ਤੇ ਭੁੱਕੀ ਵਰਗੇ ਰਵਾਇਤੀ ਨਸ਼ਿਆਂ ਦੀ ਸਪਲਾਈ ਚੇਨ ਵੀ ਟੁੱਟਣ ਲੱਗੀ ਹੈ।

ਇਸ ਕਰਕੇ ਸਭ ਤੋਂ ਸਸਤਾ ਨਸ਼ਾ ਕਹੀ ਜਾਣ ਵਾਲੀ ਭੁੱਕੀ ਦੇ ਰੇਟ ਵੀ ਅਸਮਾਨੀ ਚੜ੍ਹ ਗਏ ਹਨ।

ਇਸ ਲਈ ਅਮਲੀ ਹੁਣ ਨਸ਼ਾ ਛੁਡਾਊ ਗੋਲੀਆਂ ਖਾਣ ਲੱਗੇ ਹਨ।

ਓਟ ਕਲੀਨਿਕਾਂ ਵਿੱਚ ਡਾਕਟਰਾਂ ਵੱਲੋਂ ਨਸ਼ੇ ਤੋਂ ਪ੍ਰਭਾਵਿਤ ਲੋਕਾਂ ਨੂੰ ਬੁਪਰੋਨੌਰਫਿਨ, ਨਾਲੇਕਸਨ, ਟਰੈਮਾਡੋਲ, ਲੋਰਾਜੇਪਾਮ, ਕਲੋਨਾਜੇਪਾਮ ਤੇ ਐਂਟੀ ਡਿਪਰੈਸ਼ਨ ਦਵਾਈ ਦਿੱਤੀ ਜਾਂਦੀ ਹੈ।

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਗੋਲੀਆਂ ਇਲਾਜ ਤੱਕ ਸੀਮਿਤ ਰਹਿਣ ਤਾਂ ਸਹੀ ਹੈ ਪਰ ਜੇਕਰ ਅਮਲੀਆਂ ਨੇ ਇਨ੍ਹਾਂ ਨੂੰ ਨਸ਼ਿਆਂ ਦਾ ਬਦਲ ਬਣਾ ਲਿਆ ਤਾਂ ਇਹ ਬੇਹੱਦ ਘਾਤਕ ਹੈ।

ਇਸ ਦਾ ਸਿਹਤ ਉਪਰ ਨਸ਼ਿਆਂ ਨਾਲੋਂ ਵੀ ਮਾੜਾ ਅਸਰ ਹੋ ਸਕਦਾ ਹੈ

ਇਸ ਤੋਂ ਇਲਾਵਾ ਜੇਕਰ ਨਸ਼ਾ ਛੱਡਣ ਵਾਲੇ ਲੋਕਾਂ ਨੂੰ ਇਨ੍ਹਾਂ ਗੋਲੀਆਂ ਦੀ ਆਦਤ ਪੈ ਗਈ ਤਾਂ ਇਹ ਹੋਰ ਵੀ ਘਾਤਕ ਹੋ ਸਕਦਾ ਹੈ ਕਿਉਂਕਿ ਜਦੋਂ ਸਰਕਾਰ ਨੇ ਮੁਫਤ ਗੋਲੀਆਂ ਦੇਣੀਆਂ ਬੰਦ ਕੀਤੀਆਂ ਤਾਂ ਇਨ੍ਹਾਂ ਲੋਕਾਂ ਨੂੰ ਬੜੀ ਔਖ ਹੋਏਗੀ।