ਪੰਜਾਬ 'ਚ ਲਗਾਤਾਰ ਗਰਮੀ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਸੂਬੇ 'ਚ ਲਗਾਤਾਰ ਆਸਮਾਨੋਂ ਅੱਗ ਵਰ੍ਹ ਰਹੀ ਹੈ। ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਨੇ ਪਿਛਲੇ 65 ਸਾਲਾਂ ਦਾ ਰਿਕਾਰਡ ਤੋੜ ਦਿੱਤਾ।



ਸੂਬੇ ਵਿੱਚ ਪਠਾਨਕੋਟ 47.8 ਡਿਗਰੀ 'ਤੇ ਸਭ ਤੋਂ ਗਰਮ ਰਿਹਾ। ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 5.6 ਡਿਗਰੀ ਵੱਧ ਰਿਹਾ।



ਇਸ ਤੋਂ ਪਹਿਲਾਂ 1958 ਵਿੱਚ ਲੁਧਿਆਣਾ ਅੰਦਰ 17 ਜੂਨ ਨੂੰ ਵੱਧ ਤੋਂ ਵੱਧ ਤਾਪਮਾਨ 47.9 ਡਿਗਰੀ ਦਰਜ ਕੀਤਾ ਗਿਆ ਸੀ।



ਉਧਰ, ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਲਈ ਹੀਟਵੇਟ ਦਾ Orange Alert ਵੀ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਹਲਕੀ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ



ਪਰ ਇਸ ਨਾਲ ਤਾਪਮਾਨ 'ਤੇ ਕੋਈ ਅਸਰ ਨਹੀਂ ਹੋਵੇਗਾ। ਇਸ ਲਈ ਫਿਲਹਾਲ ਕੜਾਕੇ ਦੀ ਗਰਮੀ ਤੋਂ ਰਾਹਤ ਨਹੀਂ ਮਿਲੇਗੀ।



ਇਨ੍ਹਾਂ ਜ਼ਿਲ੍ਹਿਆਂ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ, ਬਠਿੰਡਾ ਤੇ ਮਾਨਸਾ ਜ਼ਿਲ੍ਹੇ ਸ਼ਾਮਲ ਹਨ।



ਮੌਸਮ ਵਿਭਾਗ ਮੁਤਾਬਕ ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 45.2 ਡਿਗਰੀ (ਆਮ ਨਾਲੋਂ 5.6 ਡਿਗਰੀ ਵੱਧ), ਲੁਧਿਆਣਾ ਵਿੱਚ 45.1 ਡਿਗਰੀ (ਆਮ ਨਾਲੋਂ 6.8 ਡਿਗਰੀ ਵੱਧ), ਪਟਿਆਲਾ ਵਿੱਚ 45.6 ਡਿਗਰੀ (ਆਮ ਨਾਲੋਂ 6.4 ਡਿਗਰੀ ਵੱਧ),



ਪਠਾਨਕੋਟ ਵਿੱਚ 46.1, ਬਠਿੰਡਾ 44.0, ਬਰਨਾਲਾ ਵਿੱਚ 44.5, ਫ਼ਰੀਦਕੋਟ ਵਿੱਚ 46.1ਡਿਗਰੀ, ਜਲੰਧਰ ਵਿੱਚ 43.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।



ਦੂਜੇ ਪਾਸੇ ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ 0.9 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਇਸ ਕਾਰਨ ਪਾਰਾ ਆਮ ਨਾਲੋਂ ਦੋ ਡਿਗਰੀ ਵੱਧ ਗਿਆ ਹੈ।



ਅੰਮ੍ਰਿਤਸਰ 'ਚ ਘੱਟੋ-ਘੱਟ ਤਾਪਮਾਨ 28.9 ਡਿਗਰੀ, ਲੁਧਿਆਣਾ 'ਚ 28.8, ਪਟਿਆਲਾ 'ਚ 28.3, ਪਠਾਨਕੋਟ 'ਚ 27.4, ਬਠਿੰਡਾ 'ਚ 28.4 ਤੇ ਜਲੰਧਰ 'ਚ 26.7 ਡਿਗਰੀ ਦਰਜ ਕੀਤਾ ਗਿਆ।