ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ ਵਿੱਚ ਰੁਕ-ਰੁਕ ਕੇ ਬਰਫ਼ਬਾਰੀ ਸ਼ੁਰੂ ਹੋ ਗਈ ਹੈ। ਕਬਾਇਲੀ ਜ਼ਿਲ੍ਹਿਆਂ ਲਾਹੌਲ ਸਪਿਤੀ, ਮਨਾਲੀ ਤੇ ਕਿਨੌਰ ਦੇ ਰਿਹਾਇਸ਼ੀ ਖੇਤਰਾਂ ਵਿੱਚ ਤਾਜ਼ਾ ਬਰਫ਼ਬਾਰੀ ਹੋਈ ਹੈ। ਕੁੱਲੂ, ਚੰਬਾ, ਸ਼ਿਮਲਾ ਤੇ ਸਿਰਮੌਰ ਜ਼ਿਲ੍ਹਿਆਂ ਦੀਆਂ ਉੱਚੀਆਂ ਚੋਟੀਆਂ 'ਤੇ ਵੀ ਬਰਫ਼ ਪੈ ਰਹੀ ਹੈ। ਰੋਹਤਾਂਗ ਵੀ ਬਰਫ ਨਾਲ ਢੱਕਿਆ ਗਿਆ ਹੈ। ਰਾਜ ਦੇ ਮੱਧ ਤੇ ਮੈਦਾਨੀ ਇਲਾਕਿਆਂ ਵਿੱਚ ਬੱਦਲਵਾਈ ਵੀ ਹੈ। ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ ਤੇ ਅਗਲੇ 24 ਘੰਟਿਆਂ ਵਿੱਚ ਹਨ੍ਹੇਰੀ, ਗੜੇਮਾਰੀ, ਮੀਂਹ ਤੇ ਭਾਰੀ ਬਰਫ਼ਬਾਰੀ ਦੀ ਸੰਭਾਵਨਾ ਜਤਾਈ ਹੈ। ਸਰਦੀਆਂ ਦੇ ਮੌਸਮ ਵਿੱਚ ਪਹਿਲੀ ਵਾਰ ਖ਼ਰਾਬ ਮੌਸਮ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਮੈਦਾਨੀ ਤੇ ਮੱਧ ਪਹਾੜੀ ਖੇਤਰਾਂ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਕੁਝ ਥਾਵਾਂ 'ਤੇ ਬਿਜਲੀ ਤੇ ਭਾਰੀ ਗੜੇਮਾਰੀ ਲੋਕਾਂ ਦੀਆਂ ਮੁਸ਼ਕਲਾਂ ਵਧਾ ਸਕਦੀ ਹੈ। ਅਜਿਹੇ 'ਚ ਸੂਬੇ 'ਚ ਯਾਤਰਾ ਕਰਨ ਵਾਲਿਆਂ ਨੂੰ ਸਾਵਧਾਨ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਮੌਸਮ ਵਿਗਿਆਨ ਕੇਂਦਰ ਦੀ ਭਵਿੱਖਬਾਣੀ ਅਨੁਸਾਰ ਸੂਬੇ ਵਿੱਚ ਤਿੰਨ ਦਿਨਾਂ ਤੱਕ ਭਾਰੀ ਮੀਂਹ, ਗੜੇਮਾਰੀ ਤੇ ਬਰਫ਼ਬਾਰੀ ਦਾ ਰੈੱਡ ਤੇ ਯੈਲੋ ਅਲਰਟ ਜਾਰੀ ਕੀਤਾ ਗਿਆ। ਇਸ ਸਮੇਂ ਦੌਰਾਨ ਪਹਾੜੀ ਜ਼ਿਲ੍ਹਿਆਂ ਸ਼ਿਮਲਾ, ਕੁੱਲੂ, ਚੰਬਾ, ਲਾਹੌਲ-ਸਪਿਤੀ ਤੇ ਕਿਨੌਰ ਵਿੱਚ ਬਰਫ਼ਬਾਰੀ ਕਾਰਨ ਪਾਣੀ, ਬਿਜਲੀ, ਸੰਚਾਰ ਤੇ ਹੋਰ ਜ਼ਰੂਰੀ ਸੇਵਾਵਾਂ ਵਿੱਚ ਵਿਘਨ ਪੈ ਸਕਦਾ ਹੈ।