ਪੰਜਾਬ 'ਚ ਇਹਨਾਂ ਥਾਵਾਂ 'ਤੇ ਹੋਵੇਗਾ ਜਲਥਲ, ਭਾਰੀ ਮੀਂਹ ਦੀ ਚਿਤਾਵਨੀ ਉੱਤਰੀ ਭਾਰਤ ਵਿੱਚ ਸਰਗਰਮ ਪੱਛਮੀ ਗੜਬੜੀ ਸਰਕੂਲੇਸ਼ਨ ਅੱਜ ਅਤੇ ਐਤਵਾਰ ਵੀ ਸਰਗਰਮ ਰਹਿਣ ਵਾਲਾ ਹੈ। ਇਹ ਸਰਕੂਲੇਸ਼ਨ ਜੰਮੂ-ਕਸ਼ਮੀਰ ਵਿੱਚ ਸਰਗਰਮ ਹੈ। ਜਿਸ ਕਾਰਨ ਸ਼ੁੱਕਰਵਾਰ ਨੂੰ ਪੰਜਾਬ ਦੇ ਕਈ ਜ਼ਿਲਿਆਂ 'ਚ ਬਾਰਿਸ਼ ਦੇਖਣ ਨੂੰ ਮਿਲੀ ਅਤੇ ਅੱਜ ਵੀ ਚੰਡੀਗੜ੍ਹ ਦੇ ਨਾਲ-ਨਾਲ ਵੱਖ-ਵੱਖ ਜ਼ਿਲਿਆਂ 'ਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਸ਼ੁੱਕਰਵਾਰ ਨੂੰ ਪਏ ਮੀਂਹ ਕਾਰਨ ਪੰਜਾਬ ਦਾ ਔਸਤ ਤਾਪਮਾਨ ਆਮ ਵਾਂਗ ਰਿਹਾ। ਜਦੋਂ ਕਿ ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 35.3 ਡਿਗਰੀ ਦਰਜ ਕੀਤਾ ਗਿਆ। ਪੰਜਾਬ ਵਿੱਚ ਅੱਜ ਸ਼ਨੀਵਾਰ ਨੂੰ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਐਸਏਐਸ ਨਗਰ, ਫਤਿਹਗੜ੍ਹ ਸਾਹਿਬ ਜ਼ਬਰਦਸਤ ਮੀਂਹ ਪੈਣ ਦੀ ਭਵਿੱਖਬਾਣੀ ਹੈ। ਪਟਿਆਲਾ ਦੇ ਨਾਲ-ਨਾਲ ਚੰਡੀਗੜ੍ਹ ਵਿੱਚ ਆਮ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਜਦੋਂ ਕਿ ਬਾਕੀ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਚੰਡੀਗੜ੍ਹ ਏਅਰਪੋਰਟ ਖੇਤਰ ਵਿੱਚ ਪਿਛਲੇ 24 ਘੰਟਿਆਂ ਵਿੱਚ 62 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਪਠਾਨਕੋਟ ਵਿੱਚ 10.8 ਮਿਲੀਮੀਟਰ, ਗੁਰਦਾਸਪੁਰ ਵਿੱਚ 3.4 ਮਿਲੀਮੀਟਰ, ਜਲੰਧਰ ਵਿੱਚ 7.1 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਲੁਧਿਆਣਾ ਵਿੱਚ 3.6 ਮਿਲੀਮੀਟਰ, ਰੂਪਨਗਰ ਵਿੱਚ 5.7 ਮਿਲੀਮੀਟਰ, ਸੰਗਰੂਰ ਵਿੱਚ 5.8 ਮਿਲੀਮੀਟਰ ਅਤੇ ਐਸਬੀਐਸ ਨਗਰ ਵਿੱਚ 4.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਇਸ ਸੀਜ਼ਨ ਵਿੱਚ ਪੰਜਾਬ ਅਤੇ ਚੰਡੀਗੜ੍ਹ ਨੂੰ ਰੈੱਡ ਜ਼ੋਨ ਵਿੱਚ ਰੱਖਿਆ ਗਿਆ ਹੈ।