ਮਈ ਮਹੀਨੇ ਵਿੱਚ ਹੀ ਪੰਜਾਬ ਭਰ ਵਿੱਚ ਤੇਜ਼ ਗਰਮੀ ਨੇ ਤਰਾਹੀ-ਤਰਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ, ਉਥੇ ਹੀ ਗੁਰੂ ਨਗਰੀ ਵਿੱਚ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਕਾਰਨ ਲੋਕਾਂ ਅਤੇ ਸੈਲਾਨੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਮ ਤੌਰ ’ਤੇ ਦੇਖਿਆ ਜਾਵੇ ਤਾਂ ਅਜਿਹੀ ਅੱਤ ਦੀ ਗਰਮੀ ਮਈ ਦੇ ਮਹੀਨੇ ਵਿਚ ਅਕਸਰ ਨਹੀਂ ਪੈਂਦੀ, ਇੰਨੀ ਗਰਮੀ ਜੂਨ-ਜੁਲਾਈ ਦੇ ਮਹੀਨਿਆਂ ਵਿਚ ਹੀ ਆਪਣੀ ਤੀਬਰਤਾ ਦਿਖਾਉਂਦੀ ਸੀ, ਪਰ ਗਲੋਬਲ ਵਾਰਮਿੰਗ ਕਾਰਨ ਅੱਤ ਦੀ ਗਰਮੀ ਨੇ ਇਸ ਮਹੀਨੇ ਵਿਚ ਆਪਣੀ ਤੀਬਰਤਾ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ । ਮਾਹਿਰਾਂ ਮੁਤਾਬਕ ਇਸ ਵਾਰ ਜ਼ਿਆਦਾ ਗਰਮੀ ਹੋਵੇਗੀ। ਦੂਜਾ, ਸ਼ੁੱਕਰਵਾਰ ਨੂੰ ਹਰਿਆਣਾ ਵਿਚ ਕਈ ਥਾਵਾਂ ’ਤੇ ਗਰਮੀ ਦਾ ਕਹਿਰ 47 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜੋ ਕਿ ਇਕ ਰਿਕਾਰਡ ਹੈ। ਭਿਆਨਕ ਗਰਮੀ ਨੂੰ ਦੇਖਦੇ ਹੋਏ ਉੱਥੇ ਦੀ ਸਰਕਾਰ ਨੇ ਬੱਚਿਆਂ ਦੇ ਸਕੂਲਾਂ ਦਾ ਸਮਾਂ ਇਕ ਘੰਟਾ ਵਧਾ ਦਿੱਤਾ ਹੈ, ਯਾਨੀ ਜੇਕਰ ਸਕੂਲ ਸਵੇਰੇ 7:15 ਵਜੇ ਸ਼ੁਰੂ ਹੁੰਦੇ ਸਨ ਤਾਂ ਹੁਣ ਸਵੇਰੇ 6:15 ਵਜੇ ਖੁੱਲ੍ਹਣਗੇ ਅਤੇ ਛੁੱਟੀ ਪਹਿਲਾਂ ਵੀ ਨਿਰਧਾਰਤ ਸਮੇਂ ਤੋਂ ਇੱਕ ਘੰਟਾ ਪਹਿਲਾਂ ਹੋਵੇਗੀ। ਕਹਿਰ ਦੀ ਗਰਮੀ ਕਾਰਨ ਬੱਚਿਆਂ ਦੇ ਹੋ ਰਹੇ ਨੁਕਸਾਨ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਨੇ ਹਾਲ ਹੀ ਵਿੱਚ 1 ਜੂਨ ਤੋਂ 30 ਜੂਨ ਤੱਕ ਸਰਕਾਰੀ ਛੁੱਟੀਆਂ ਦਾ ਐਲਾਨ ਕੀਤਾ ਹੈ ਪਰ ਜਿਸ ਤਰ੍ਹਾਂ ਦੀ ਗਰਮੀ ਦਿਖਾਈ ਦੇ ਰਹੀ ਹੈ, ਸਰਕਾਰ ਅਤੇ ਪ੍ਰਸ਼ਾਸਨ ਆਉਣ ਵਾਲੇ ਦਿਨਾਂ ਵਿੱਚ ਕੁਝ ਹੋਰ ਅਹਿਮ ਫੈਸਲੇ ਲੈ ਸਕਦੇ ਹਨ।