ਪੰਜਾਬ-ਚੰਡੀਗੜ੍ਹ ਵਿੱਚ ਪਿਛਲੇ ਕਈ ਦਿਨਾਂ ਤੋਂ ਰੋਜ਼ਾਨਾ ਤੇਜ਼ ਧੁੱਪ ਨਿਕਲ ਰਹੀ ਹੈ, ਜਿਸ ਕਾਰਨ ਠੰਢ ਕਾਫੀ ਘੱਟ ਹੋ ਗਈ ਹੈ। ਹਾਲਾਂਕਿ ਰਾਤ ਦੇ ਸਮੇਂ ਹਲਕੀ ਠੰਢ ਅਜੇ ਵੀ ਮਹਿਸੂਸ ਕੀਤੀ ਜਾ ਰਹੀ ਹੈ। ਪਰ ਮੌਸਮ ਇੱਕ ਵਾਰ ਫਿਰ ਬਦਲੇਗਾ ਜਿਸ ਕਰਕੇ ਮੀਂਹ ਪਏਗਾ।

ਮੌਸਮ ਦੀ ਇਹ ਸਥਿਤੀ 15 ਤਾਰੀਖ ਤੱਕ ਬਣੀ ਰਹਿਣ ਦੀ ਸੰਭਾਵਨਾ ਹੈ।

ਇਸ ਤੋਂ ਬਾਅਦ 16 ਅਤੇ 17 ਤਾਰੀਖ ਨੂੰ ਕੁਝ ਥਾਵਾਂ ’ਤੇ ਗਰਜ-ਚਮਕ ਨਾਲ ਬਿਜਲੀ ਕੜਕਣ ਅਤੇ ਹਲਕੀ ਬਾਰਿਸ਼ ਹੋਣ ਦੇ ਆਸਾਰ ਹਨ।

ਪਿਛਲੇ 24 ਘੰਟਿਆਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ 0.8 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ।

ਹੁਣ ਤਾਪਮਾਨ ਆਮ ਨਾਲੋਂ 3.1 ਡਿਗਰੀ ਵੱਧ ਹੋ ਗਿਆ ਹੈ। ਸਭ ਤੋਂ ਵੱਧ ਤਾਪਮਾਨ ਫਰੀਦਕੋਟ ਵਿੱਚ 27.3 ਡਿਗਰੀ ਦਰਜ ਕੀਤਾ ਗਿਆ, ਜੋ ਇਸ ਸਾਲ ਫਰਵਰੀ ਮਹੀਨੇ ਦਾ ਹੁਣ ਤੱਕ ਦਾ ਸਭ ਤੋਂ ਉੱਚਾ ਤਾਪਮਾਨ ਹੈ।

ਮੌਸਮ ਵਿਭਾਗ ਮੁਤਾਬਕ ਪੰਜਾਬ ਵਿੱਚ 16 ਅਤੇ 17 ਤਾਰੀਖ ਨੂੰ ਅੰਮ੍ਰਿਤਸਰ ਤੋਂ ਬਾਰਿਸ਼ ਦੀ ਸ਼ੁਰੂਆਤ ਹੋਵੇਗੀ।

ਇਸ ਤੋਂ ਬਾਅਦ ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਫਰੀਦਕੋਟ ਅਤੇ ਮੋਗਾ ਰਾਹੀਂ ਇਹ ਮੌਸਮੀ ਸਿਸਟਮ ਪੂਰਬ ਵੱਲ ਵਧੇਗਾ।

ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਬਰਨਾਲਾ, ਮਾਨਸਾ, ਪਟਿਆਲਾ ਅਤੇ ਲੁਧਿਆਣਾ ਸਮੇਤ ਇਨ੍ਹਾਂ ਇਲਾਕਿਆਂ ਵਿੱਚ 18 ਤਾਰੀਖ ਤੱਕ ਇਹ ਅੱਗੇ ਨਿਕਲ ਜਾਵੇਗਾ।

ਇਸ ਦਾ ਮਤਲਬ ਇਹ ਹੈ ਕਿ ਬਾਰਿਸ਼ ਲਗਾਤਾਰ ਨਹੀਂ ਪਵੇਗੀ, ਸਗੋਂ ਪਾਸਿੰਗ ਰੇਨ ਰਹੇਗੀ। ਪੂਰਾ ਦਿਨ ਰਿਮਝਿਮ ਬਾਰਿਸ਼ ਹੋਣ ਦੀ ਸੰਭਾਵਨਾ ਘੱਟ ਹੈ।

ਇਸ ਤਰ੍ਹਾਂ ਦੀ ਮੌਸਮੀ ਗਤੀਵਿਧੀ ਦੌਰਾਨ ਜੇਕਰ ਗਰਜ-ਚਮਕ ਵਾਲੇ ਬੱਦਲ ਬਣਦੇ ਹਨ ਤਾਂ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਕੁਝ ਥਾਵਾਂ ’ਤੇ ਗੜ੍ਹੇਮਾਰੀ ਵੀ ਹੋ ਸਕਦੀ ਹੈ।