FIR against Gurman Maan: ਪੰਜਾਬੀ ਗਾਇਕ ਗੁਰਮਨ ਮਾਨ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਸਦੇ ਗੀਤਾਂ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾਂਦਾ ਹੈ। ਕਲਾਕਾਰ ਉਨ੍ਹਾਂ ਸਿਤਾਰਿਆਂ ਵਿੱਚੋਂ ਇੱਕ ਹੈ, ਜੋ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਰਹਿੰਦਾ ਹੈ। ਇਸ ਵਿਚਾਲੇ ਕਲਾਕਾਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਗੁਰਮਨ ਮਾਨ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਹੈ। ਆਖਿਰ ਕੀ ਹੈ ਪੂਰਾ ਮਾਮਲਾ ਜਾਣਨ ਲਈ ਪੜ੍ਹੋ ਪੂਰੀ ਖਬਰ... ਦਰਅਸਲ, ਗੁਰਮਨ ਮਾਨ ਵੱਲੋਂ ਆਪਣੇ ਨਵੇਂ ਗੀਤ ਕਾਨਵੋ ਵਿੱਚ ਸ਼ਨੀ ਦੇਵ ਮਹਾਰਾਜ ਪ੍ਰਤੀ ਕੀਤੀ ਗਈ ਟਿੱਪਣੀ ਨੂੰ ਲੈ ਕੇ ਅੱਜ ਜਲੰਧਰ ਦੇ ਸੰਯੁਕਤ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੂੰ ਸ਼ਿਕਾਇਤ ਦਰਜ ਕਰਵਾਈ। ਸ਼ਨੀ ਕ੍ਰਿਪਾਲ ਮੰਦਰ ਸਮੇਤ ਹੋਰ ਸ਼ਨੀ ਦੇਵ ਮੰਦਰ ਕਮੇਟੀਆਂ ਵੱਲੋਂ ਗਾਇਕ ਖ਼ਿਲਾਫ਼ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ। ਸ਼ਿਕਾਇਤ ਵਿੱਚ ਲਿਖਿਆ ਗਿਆ ਹੈ ਕਿ ਗਾਇਕ ਨੇ ਸ਼੍ਰੀ ਸ਼ਨੀ ਦੇਵ ਬਾਰੇ ਗਲਤ ਸ਼ਬਦ ਬੋਲੇ ਹਨ, ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸ਼ਨੀ ਕ੍ਰਿਪਾਲ ਮੂਰਤੀ ਮੰਦਿਰ ਦੇ ਮਹਾਰਾਜ ਯਿਸ਼ੂ ਜੀ ਨੇ ਦੱਸਿਆ ਕਿ ਪੰਜਾਬੀ ਗਾਇਕ ਗੁਰਮਨ ਮਾਨ ਨੇ ਆਪਣੇ ਨਵੇਂ ਗੀਤ ਕਾਨਵੋ ਵਿੱਚ ਸ਼੍ਰੀ ਸ਼ਨੀ ਦੇਵ ਮਹਾਰਾਜ ਬਾਰੇ ਅਸ਼ਲੀਲ ਟਿੱਪਣੀ ਕਰਦਿਆਂ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਹੈ। ਉਨ੍ਹਾਂ ਕਿਹਾ ਕਿ 2 ਮਿੰਟ 59 ਸੈਕਿੰਡ ਦੇ ਇਸ ਗੀਤ ਵਿੱਚ ਗਾਇਕ ਗੁਰਮਨ ਮਾਨ ਨੇ ਸ਼ਨੀ ਦੇਵ ਮਹਾਰਾਜ ਬਾਰੇ ਸ਼ਨੀ ਪੱਕਾ ਡੱਬ ਚ ਰੱਖਾਂ ਗਲਤ ਸ਼ਬਦ ਵਰਤਿਆ ਹੈ। ਪੰਜਾਬੀ ਗਾਇਕ ਦੇ ਇਸ ਗੀਤ ਨੇ ਹਿੰਦੂ ਭਾਈਚਾਰੇ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਗਾਇਕ ਹਿੰਦੂ ਧਾਰਮਿਕ ਦੇਵੀ-ਦੇਵਤਿਆਂ ਅਤੇ ਬਾਕੀ ਧਾਰਮਿਕ ਭਾਈਚਾਰੇ ਦੇ ਗੁਰੂਆਂ ਬਾਰੇ ਗਲਤ ਸ਼ਬਦਾਂ ਦੀ ਵਰਤੋਂ ਕਰਦੇ ਹਨ, ਜਿਨ੍ਹਾਂ ਵਿਰੁੱਧ ਕਾਨੂੰਨ ਬਣਨਾ ਚਾਹੀਦਾ ਹੈ ਅਤੇ ਨਾਲ ਹੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।