ਪੰਜਾਬੀ ਗਾਇਕ ਕਰਨ ਔਜਲਾ ਤੇ ਸਿੱਧੂ ਵਿਚਾਲੇ ਵਿਵਾਦ ਬਾਰੇ ਤਾਂ ਸਭ ਜਾਣਦੇ ਸੀ। ਸਿੱਧੂ ਦੀ ਮੌਤ ਤੋਂ ਬਾਅਦ ਹੁਣ ਕਰਨ ਔਜਲਾ ਨੇ ਪਹਿਲੀ ਵਾਰ ਖੁੱਲ੍ਹ ਕੇ ਉਸ ਦੇ ਬਾਰੇ ਗੱਲ ਕੀਤੀ ਹੈ। ਹਾਲ ਹੀ 'ਚ ਕਰਨ ਔਜਲਾ ਨੇ ਇੱਕ ਇੰਟਰਵਿਊ ਦਿੱਤੀ ਹੈ। ਇਸ ਦੌਰਾਨ ਕਰਨ ਔਜਲਾ ਨੇ ਕਿਹਾ ਕਿ ਸਿੱਧੂ ਦੇ ਜਾਣ ਤੋਂ ਬਾਅਦ ਜ਼ਿੰਦਗੀ ਨੂੰ ਦੇਖਣ ਦਾ ਮੇਰਾ ਨਜ਼ਰੀਆ ਬਿਲਕੁਲ ਬਦਲ ਗਿਆ ਹੈ। ਜੋ ਕੁੱਝ ਵੀ ਸਿੱਧੂ ਤੇ ਉਸ ਦੇ ਪਰਿਵਾਰ ਨਾਲ ਹੋਇਆ, ਉਸ ਤੋਂ ਬਾਅਦ ਮੇਰੀ ਸੋਚ ਬਦਲ ਗਈ ਹੈ। ਕਰਨ ਔਜਲਾ ਨੇ ਅੱਗੇ ਕਿਹਾ, 'ਸਿੱਧੂ ਦੇ ਮਰਨ ਤੋਂ ਪਹਿਲਾਂ ਅਸੀਂ ਫੋਨ ਤੇ ਗੱਲ ਕੀਤੀ ਸੀ ਅਤੇ ਸਾਰੇ ਪੁਰਾਣੇ ਗਿਲੇ ਸ਼ਿਕਵੇ ਤੇ ਗਲਤਫਹਿਮੀਆਂ ਖਤਮ ਕੀਤੀਆਂ ਸੀ। ਚੰਗਾ ਹੋਇਆ ਕਿ ਉਸ ਦੇ ਮਰਨ ਤੋਂ ਪਹਿਲਾਂ ਸਭ ਕਲੀਅਰ ਹੋਇਆ, ਨਹੀਂ ਤਾਂ ਮੈਨੂੰ ਸਾਰੀ ਜ਼ਿੰਦਗੀ ਮਲਾਲ ਰਹਿਣਾ ਸੀ।' ਅੱਗੇ ਔਜਲਾ ਨੇ ਕਿਹਾ, 'ਸਿੱਧੂ ਦੀ ਮੌਤ ਤੋਂ ਬਾਅਦ ਮੈਂ ਉਸ ਦੇ ਪਿਤਾ ਬਲਕੌਰ ਸਿੰਘ ਨਾਲ ਗੱਲ ਕੀਤੀ ਸੀ, ਉਨ੍ਹਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ ਸੀ। ਮੈਂ ਉਨ੍ਹਾਂ ਨੂੰ ਅੱਗੋਂ ਕਿਹਾ ਕਿ ਮੈਂ ਤੁਹਾਡਾ ਦੂਜਾ ਪੁੱਤਰ ਹਾਂ, ਜੇ ਤੁਹਾਨੂੰ ਮੇਰੇ ਤੋਂ ਕਿਸੇ ਵੀ ਮਦਦ ਦੀ ਲੋੜ ਹੋਵੇ, ਤਾਂ ਹਮੇਸ਼ਾ ਹਾਜ਼ਰ ਹਾਂ।' ਕਾਬਿਲੇਗ਼ੌਰ ਹੈ ਕਿ ਮੀਡੀਆ 'ਚ ਇਹ ਗੱਲਾਂ ਕਾਫੀ ਉੱਡਦੀਆਂ ਹੁੰਦੀਆਂ ਸੀ ਕਿ ਸਿੱਧੂ ਤੇ ਕਰਨ ਔਜਲਾ ਦੀ ਦੁਸ਼ਮਣੀ ਹੈ, ਪਰ ਹੁਣ ਕਰਨ ਨੇ ਖੁਦ ਹੀ ਸਭ ਕਲੀਅਰ ਕਰ ਦਿੱਤਾ ਹੈ। ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 19 ਮਾਰਚ ਨੂੰ ਉਸ ਦੀ ਪਹਿਲੀ ਬਰਸੀ ਮਨਾਈ ਜਾਣੀ ਹੈ। ਇਸ ਦਾ ਖੁਲਾਸਾ ਖੁਦ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਕੀਤਾ ਸੀ।