Mika Singh Get Trolled: ਪੰਜਾਬੀ ਗਾਇਕ ਮੀਕਾ ਸਿੰਘ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਿਹਾ ਹੈ। ਇਸ ਵਾਰ ਗਾਇਕ ਆਪਣੇ ਕਿਸੇ ਗੀਤ ਦੇ ਚੱਲਦੇ ਨਹੀਂ ਸਗੋਂ ਦੋਸਤੀ ਵਿੱਚ ਵੱਖਰੀ ਮਿਸਾਲ ਕਾਇਮ ਕਰਨ ਦੇ ਚੱਲਦੇ ਸੁਰਖੀਆਂ ਵਿੱਚ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹਾਲ ਹੀ 'ਚ ਗਾਇਕ ਮੀਕਾ ਦੇ ਬਚਪਨ ਦੇ ਦੋਸਤ ਦਾ ਜਨਮਦਿਨ ਸੀ, ਜਿਸ ਨੂੰ ਮੀਕਾ ਨੇ ਮੁੰਬਈ ਅਤੇ ਦਿੱਲੀ 'ਚ ਕਰੋੜਾਂ ਰੁਪਏ ਦੇ ਦੋ ਬੰਗਲੇ ਗਿਫਟ ਕੀਤੇ ਹਨ। ਇਸ ਖਬਰ ਦੇ ਸਾਹਮਣੇ ਆਉਂਦੇ ਹੀ ਹਰ ਪਾਸੇ ਤਹਿਲਕਾ ਮੱਚ ਗਿਆ। ਪਰ ਗਾਇਕ ਵੱਲੋਂ ਕੀਤਾ ਇਹ ਗਿਫਟ ਉਸ ਨੂੰ ਮਹਿੰਗਾ ਪੈ ਸਕਦਾ ਹੈ। ਦਰਅਸਲ, ਸੋਸ਼ਲ ਮੀਡੀਆ ਯੂਜ਼ਰਸ ਇਸ ਖਬਰ ਉੱਪਰ ਲਗਾਤਾਰ ਆਪਣੀਆਂ ਟਿੱਪਣੀਆਂ ਦੇ ਰਹੇ ਹਨ। ਕੁਝ ਮੀਕਾ ਦੀ ਦੋਸਤੀ ਦਾ ਹਵਾਲਾ ਦੇ ਰਹੇ ਹਨ ਜਦਕਿ ਕੁਝ ਇਸ ਨੂੰ ਟੈਕਸ ਚੋਰੀ ਦੀ ਯੋਜਨਾ ਦੱਸ ਰਹੇ ਹਨ। ਲੋਕ ਕਮੈਂਟਸ 'ਚ ਕਹਿ ਰਹੇ ਹਨ ਕਿ ਮੀਕਾ ਨੇ ਟੈਕਸ ਤੋਂ ਬਚਣ ਲਈ ਸ਼ਾਨਦਾਰ ਪਲਾਨ ਬਣਾਇਆ ਹੈ। ਹਾਲਾਂਕਿ ਮੀਕਾ ਸਿੰਘ ਵਾਂਗ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਅਜੇ ਤੱਕ ਇਨ੍ਹਾਂ ਕਮੈਂਟਸ ਦਾ ਜਵਾਬ ਨਹੀਂ ਮਿਲਿਆ ਹੈ। ਇਸ ਉੱਪਰ ਮੀਕਾ ਸਿੰਘ ਨੇ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਮੀਕਾ ਦੀ ਵੀਜ਼ਾ ਅਰਜ਼ੀ ਆਸਟ੍ਰੇਲੀਅਨ ਇਮੀਗ੍ਰੇਸ਼ਨ ਵੱਲੋਂ ਰੱਦ ਕਰ ਦਿੱਤੀ ਗਈ ਸੀ, ਜਿਸ ਕਾਰਨ ਉਸ ਦੇ ਆਸਟ੍ਰੇਲੀਆ 'ਚ ਦਾਖਲ ਹੋਣ 'ਤੇ ਰੋਕ ਲਗਾ ਦਿੱਤੀ ਗਈ। ਸੂਤਰਾਂ ਦੇ ਹਵਾਲੇ ਨਾਲ ਪਤਾ ਲੱਗਾ ਹੈ ਕਿ ਮੀਕਾ ਸਿੰਘ, ਜਿਸ ਦੇ ਲਾਈਵ ਕੰਸਰਟ ਇਸ ਮਹੀਨੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਵੱਖ-ਵੱਖ ਸ਼ਹਿਰਾਂ 'ਚ ਹੋਣੇ ਸਨ, ਨੂੰ ਸ਼ੋਅ ਪ੍ਰਬੰਧਕਾਂ ਨੇ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ। ਹਾਲਾਂਕਿ ਇਹ ਸ਼ੋਅ ਰੱਦ ਹੋਣ ਦਾ ਕਾਰਨ ਮੀਕਾ ਦਾ ਸਿਹਤਮੰਦ ਨਾ ਹੋਣਾ ਵੀ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੀ ਲਗਾਤਾਰ ਸ਼ੋਅਜ਼ ਕਰਨ ਤੋਂ ਬਾਅਦ ਤਬੀਅਤ ਵਿਗੜ ਗਈ ਸੀ। ਪਰ ਸੱਚਾਈ ਕੀ ਹੈ ਇਹ ਤਾਂ ਕਲਾਕਾਰ ਵੱਲੋਂ ਸਪਸ਼ਟ ਕੀਤੇ ਜਾਣ ਤੋਂ ਬਾਅਦ ਹੀ ਸਾਹਮਣੇ ਆਏਗੀ।