Pammi Bai Upcoming Movie: ਪੰਜਾਬੀ ਲੋਕ ਗਾਇਕ ਪੰਮੀ ਬਾਈ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਬਣੇ ਹੋਏ ਹਨ। ਆਪਣੀ ਗਾਇਕੀ ਦਾ ਜਲਵਾ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਵਿੱਚ ਦਿਖਾਉਣ ਵਾਲੇ ਪੰਮੀ ਬਾਈ ਲੰਬੇ ਸਮੇਂ ਬਾਅਦ ਪੰਜਾਬੀ ਫਿਲਮ ਵਿੱਚ ਕੰਮ ਕਰਦੇ ਹੋਏ ਦਿਖਾਈ ਦੇਣਗੇ। ਖਾਸ ਗੱਲ ਇਹ ਹੈ ਕਿ ਪੰਮੀ ਬਾਈ ਨਾਲ ਇਸ ਫਿਲਮ ਵਿੱਚ ਕਈ ਨਵੇਂ ਚਿਹਰੇ ਨਜ਼ਰ ਆਉਣਗੇ। ਦੱਸ ਦੇਈਏ ਕਿ ਪੰਮੀ ਬਾਈ ਵੱਲੋਂ ਫਿਲਮ ਦੇ ਸ਼ੂਟਿੰਗ ਸੈੱਟ ਤੋਂ ਆਪਣੀ ਖਾਸ ਝਲਕ ਸਾਂਝੀ ਕੀਤੀ ਗਈ ਹੈ। ਜੋ ਚਰਚਾ ਵਿੱਚ ਆ ਗਈ ਹੈ। ਇਸ ਫਿਲਮ ਵਿੱਚ ਟੈਲੀਵਿਜ਼ਨ ਅਦਾਕਾਰਾ ਰੁਬੀਨਾ ਦਿਲੈਕ ਆਪਣਾ ਜਲਵਾ ਦਿਖਾਉਂਦੇ ਹੋਏ ਨਜ਼ਰ ਆਵੇਗੀ। ਦਰਅਸਲ, ਪੰਜਾਬੀ ਗਾਇਕ ਪੰਮੀ ਬਾਈ ਵੱਲੋਂ ਫਿਲਮ ਦੇ ਸੈੱਟ ਤੋਂ ਤਸਵੀਰਾਂ ਦੇ ਨਾਲ-ਨਾਲ ਵੀਡੀਓ ਵੀ ਸਾਂਝੇ ਕੀਤੇ ਗਏ ਹਨ। ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਫਿਲਮ ਦਾ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਨ੍ਹਾਂ ਵੀਡੀਓ ਅਤੇ ਤਸਵੀਰਾਂ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝਾ ਕਰਦੇ ਹੋਏ ਪੰਮੀ ਬਾਈ ਨੇ ਲਿਖਿਆ, ਫਿਲਮ ਸੈਟ ਚੱਲ ਭੱਜ ਚੱਲੀਏ... ਇਸ ਤੋਂ ਬਾਅਦ ਪੰਮੀ ਬਾਈ ਨੇ ਪੰਜਾਬੀ ਅਦਾਕਾਰ ਸਰਦਾਰ ਸੋਹੀ ਨਾਲ ਆਪਣੀ ਤਸਵੀਰ ਸਾਂਝੀ ਕੀਤੀ। ਇਸ ਤੋਂ ਇਲਾਵਾ ਉਹ ਅਦਾਕਾਰਾ ਨਿਰਮਲ ਰਿਸ਼ੀ ਨਾਲ ਵੀ ਦਿਖਾਈ ਦਿੱਤੇ। ਫਿਲਮ ਚੱਲ ਭੱਜ ਚੱਲੀਏ ਸੁਨੀਲ ਠਾਕੁਰ ਦੁਆਰਾ ਨਿਰਦੇਸ਼ਿਤ ਕੀਤੀ ਜਾਵੇਗੀ। ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰਿਏ ਤਾਂ ਇਸ ਵਿੱਚ ਪੰਜਾਬੀ ਗਾਇਕ ਇੰਦਰ ਚਾਹਲ ਵੀ ਅਹਿਮ ਭੂਮਿਕਾ ਵਿੱਚ ਦਿਖਾਈ ਦੇਣਗੇ। ਮਸ਼ਹੂਰ ਟੈਲੀਵਿਜ਼ਨ ਅਦਾਕਾਰਾ ਰੁਬੀਨਾ ਦਿਲੈਕ ਪੰਜਾਬੀ ਫਿਲਮਾਂ ਵਿੱਚ ਡੈਬਿਊ ਕਰ ਰਹੀ ਹੈ। ਦੱਸ ਦੇਈਏ ਕਿ ਰੁਬੀਨਾ ਦਿਲੈਕ ਬਿੱਗ ਬੌਸ 14 ਦੀ ਜੇਤੂ ਰਹਿ ਚੁੱਕੀ ਹੈ। ਇਸ ਦੇ ਨਾਲ ਹੀ ਉਹ ਕਈ ਟੀਵੀ ਸੀਰੀਅਲਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਰੁਬੀਨਾ ਦਿਲੈਕ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ਨਾਲ ਮਿਲ ਕੇ ਕੀ ਕਮਾਲ ਦਿਖਾਉਂਦੀ ਹੈ।