ਭੋਜਪੁਰੀ ਅਦਾਕਾਰਾ ਸੰਭਾਵਨਾ ਸੇਠ ਸ਼ੁੱਕਰਵਾਰ ਨੂੰ ਦਿੱਲੀ 'ਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) 'ਚ ਸ਼ਾਮਲ ਹੋ ਗਈ ਹੈ। ਇਸ ਮੌਕੇ 'ਆਪ' ਦੇ ਸੰਸਦ ਮੈਂਬਰ ਸੰਜੇ ਸਿੰਘ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਸੰਭਾਵਨਾ ਸੇਠ ਸਾਡੇ ਨਾਲ ਹਨ, ਜਿਨ੍ਹਾਂ ਨੇ 400 ਤੋਂ ਵੱਧ ਭੋਜਪੁਰੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਉਹ ਬਿੱਗ ਬੌਸ ਦੇ ਇੱਕ ਨਹੀਂ ਸਗੋਂ ਦੋ ਸੀਜ਼ਨਾਂ ਵਿੱਚ ਸ਼ਾਮਲ ਹੋ ਚੁੱਕੀ ਹੈ। ਸੰਭਾਵਨਾ ਸੇਠ ਮੂਲ ਰੂਪ ਵਿੱਚ ਦਿੱਲੀ ਤੋਂ ਹੀ ਹੈ। ਉਸਨੇ ਆਸ਼ਿਕੀ ਤੇਰੀ ਮੇਰੀ ਨਾਲ 25 ਤੋਂ ਵੱਧ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ ਹੈ। ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਿੱਲੀ 'ਚ ਲਗਾਤਾਰ ਤਿੰਨ ਵਾਰ ਸਰਕਾਰ ਬਣਾਈ ਹੈ। ਆਪ ਵੱਲੋਂ ਕੀਤੇ ਕੰਮਾਂ ਤੋਂ ਪ੍ਰਭਾਵਤ ਹੋ ਕੇ ਹੀ ਅਦਾਕਾਰਾ ਸੰਭਾਵਨਾ ਨੇ ਪਾਰਟੀ ਜੁਆਇਨ ਕਰਨ ਦਾ ਫੈਸਲਾ ਕੀਤਾ ਹੈ। 'ਆਪ' 'ਚ ਸ਼ਾਮਲ ਹੋਣ ਤੋਂ ਬਾਅਦ ਸੰਭਾਵਨਾ ਸੇਠ ਨੇ ਕਿਹਾ ਕਿ ਮੈਂ ਡਾਂਸ ਤੋਂ ਇਲਾਵਾ ਰਾਜਨੀਤੀ 'ਤੇ ਵੀ ਗੱਲ ਕਰਾਂਗੀ। ਇਹ ਮੇਰੇ ਸੁਭਾਅ ਵਿੱਚ ਸੀ, ਪਰ ਮੈਨੂੰ ਨਹੀਂ ਪਤਾ ਸੀ ਕਿ ਮੈਂ ਅਜਿਹਾ ਕਰ ਸਕਾਂਗੀ ਜਾਂ ਨਹੀਂ। ਮੇਰੇ ਹੱਥ ਠੰਡੇ ਹੋ ਗਏ ਹਨ। ਮੈਨੂੰ ਰਾਜਨੀਤੀ ਦੀ ਭਾਸ਼ਾ ਨਹੀਂ ਆਉਂਦੀ ਪਰ ਮੈਂ ਕੁਝ ਚੰਗਾ ਕਰਨਾ ਚਾਹੁੰਦੀ ਹਾਂ। ਸੰਭਾਵਨਾ ਸੇਠ ਨੇ ਕਿਹਾ ਕਿ ਮੈਂ ਲਾਈਫਸਟਾਈਲ ਬਲਾਗਿੰਗ ਕਰਦੀ ਹਾਂ। ਇਸ ਦੇ ਜ਼ਰੀਏ ਮੈਂ ਲੋਕਾਂ ਨੂੰ ਤਣਾਅ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਹਾਂ।