ਪੂਰੀ ਦੁਨੀਆ ਅੰਦਰ ਕੈਂਸਰ ਅਜੇ ਵੀ ਇੱਕ ਘਾਤਕ ਬਿਮਾਰੀ ਹੈ। ਹੁਣ ਤੱਕ ਕੋਈ ਵੀ ਅਜਿਹੀ ਦਵਾਈ ਨਹੀਂ ਬਣੀ ਜੋ ਇਸ ਬਿਮਾਰੀ ਨੂੰ ਹਮੇਸ਼ਾ ਲਈ ਖ਼ਤਮ ਕਰ ਸਕਦੀ ਹੋਵੇ।



ਹਾਲਾਂਕਿ ਹੁਣ ਕੈਂਸਰ ਦੇ ਇਲਾਜ 'ਚ ਉਮੀਦ ਬੱਝ ਗਈ ਹੈ।



ਵਿਗਿਆਨੀਆਂ ਨੇ ਇੱਕ ਡਰੱਗ ਟ੍ਰਾਇਲ ਵਿੱਚ ਦਾਅਵਾ ਕੀਤਾ ਹੈ ਕਿ ਇੱਕ ਦਵਾਈ ਸਰੀਰ ਦੇ ਸਿਹਤਮੰਦ ਸੈੱਲਾਂ ਨੂੰ ਨੁਕਸਾਨ ਪਹੁੰਚਾਏ ਬਿਨਾਂ ਕੈਂਸਰ ਦੇ ਟਿਊਮਰ ਨੂੰ ਜੜ੍ਹ ਤੋਂ ਖ਼ਤਮ ਕਰ ਸਕਦੀ ਹੈ।



ਇਸ ਦਵਾਈ ਨੂੰ AOH 1996 ਦਾ ਨਾਮ ਦਿੱਤਾ ਗਿਆ ਹੈ। ਇਹ ਕੈਂਸਰ ਸੈੱਲਾਂ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਨੂੰ ਨਿਸ਼ਾਨਾ ਬਣਾਉਂਦਾ ਹੈ।



ਇਸ ਕੈਂਸਰ ਪ੍ਰੋਟੀਨ ਕਾਰਨ ਹੀ ਟਿਊਮਰ ਸਰੀਰ ਵਿੱਚ ਫੈਲਦਾ ਤੇ ਵਧਦਾ ਹੈ। ਪਹਿਲਾਂ ਇਸ ਪ੍ਰੋਟੀਨ-ਪ੍ਰੋਲੀਫੇਰੇਟਿੰਗ ਸੈੱਲ ਨਿਊਕਲੀਅਰ ਐਂਟੀਜੇਨ (ਪੀਸੀਐਨਏ) ਨੂੰ ਇਲਾਜਯੋਗ ਨਹੀਂ ਮੰਨਿਆ ਜਾਂਦਾ ਸੀ, ਪਰ ਹੁਣ ਨਵੀਂ ਦਵਾਈ ਇਸ 'ਤੇ ਪ੍ਰਭਾਵਸ਼ਾਲੀ ਦੱਸੀ ਜਾ ਰਹੀ ਹੈ।



ਅਮਰੀਕਾ ਦੇ ਸਭ ਤੋਂ ਵੱਡੇ ਕੈਂਸਰ ਕੇਂਦਰਾਂ ਵਿੱਚੋਂ ਇੱਕ, ਲਾਸ ਏਂਜਲਸ ਵਿੱਚ ਸਿਟੀ ਆਫ ਹੋਪ ਹਸਪਤਾਲ ਦੁਆਰਾ 20 ਸਾਲਾਂ ਦੀ ਖੋਜ ਤੋਂ ਬਾਅਦ ਦਵਾਈ ਨੂੰ ਵਿਕਸਤ ਕੀਤਾ ਗਿਆ।



ਪਰਖ ਵਿੱਚ ਇਸ ਦਵਾਈ ਦੇ ਚੰਗੇ ਨਤੀਜੇ ਆਉਣ ਤੋਂ ਬਾਅਦ ਦੁਨੀਆ ਭਰ ਦੇ ਕੈਂਸਰ ਮਰੀਜ਼ਾਂ ਲਈ ਉਮੀਦ ਦੀ ਕਿਰਨ ਜਾਗੀ ਹੈ।



ਇਸ ਦਵਾਈ ਨੂੰ ਲੈਬ ਵਿੱਚ 70 ਕਿਸਮਾਂ ਦੇ ਕੈਂਸਰ 'ਤੇ ਟੈਸਟ ਕੀਤਾ ਗਿਆ ਹੈ, ਜਿਸ ਵਿੱਚ ਛਾਤੀ ਦੇ ਕੈਂਸਰ, ਦਿਮਾਗ ਦੇ ਕੈਂਸਰ, ਬੱਚੇਦਾਨੀ ਦੇ ਕੈਂਸਰ, ਚਮੜੀ ਦੇ ਕੈਂਸਰ ਤੇ ਫੇਫੜਿਆਂ ਦੇ ਕੈਂਸਰ 'ਤੇ ਟਰਾਇਲ ਕੀਤੇ ਗਏ।



ਸਾਰੀਆਂ ਕਿਸਮਾਂ ਦੇ ਕੈਂਸਰ ਟਿਊਮਰਾਂ 'ਤੇ ਪ੍ਰਭਾਵ ਦਿਖਾਇਆ ਹੈ। ਦਵਾਈ ਬਣਾਉਣ ਵਾਲੀ ਪ੍ਰੋਫੈਸਰ ਲਿੰਡਾ ਮਲਕਾਸ ਦਾ ਕਹਿਣਾ ਹੈ ਕਿ ਇਹ ਦਵਾਈ ਕੈਂਸਰ ਪ੍ਰੋਟੀਨ ਨੂੰ ਖਤਮ ਕਰਨ ਵਿੱਚ ਮਦਦ ਕਰਦੀ ਹੈ।



ਹੁਣ ਇਸ ਦਵਾਈ ਦੀ ਖੋਜ ਸ਼ੁਰੂਆਤੀ ਪੜਾਅ ਵਿੱਚ ਹੀ ਹੈ। ਫਿਲਹਾਲ ਇਨਸਾਨਾਂ 'ਤੇ ਇਸ ਦੇ ਪਹਿਲੇ ਪੜਾਅ ਦਾ ਟ੍ਰਾਇਲ ਚੱਲ ਰਿਹਾ ਹੈ। ਜੇਕਰ ਇਹ ਟ੍ਰਾਇਲ ਸਫਲ ਹੋ ਜਾਂਦਾ ਹੈ ਤਾਂ ਕੈਂਸਰ ਦੇ ਇਲਾਜ 'ਚ ਵੱਡੀ ਕ੍ਰਾਂਤੀ ਆ ਸਕਦੀ ਹੈ।