ਘਰੇਲੂ ਸ਼ੇਅਰ ਬਾਜ਼ਾਰ (Domestic Stock Market) ਲਈ ਫਿਲਹਾਲ ਰਾਹਤ ਦੀ ਕੋਈ ਉਮੀਦ ਨਹੀਂ ਹੈ। ਅੱਜ ਵੀਰਵਾਰ ਨੂੰ ਲਗਾਤਾਰ ਤੀਜੇ ਦਿਨ ਬਾਜ਼ਾਰ ਘਾਟੇ (market loss) ਦੇ ਰਾਹ 'ਤੇ ਹੈ। ਦੋਵੇਂ ਪ੍ਰਮੁੱਖ ਸੂਚਕਾਂਕ ਸ਼ੁਰੂਆਤੀ ਵਪਾਰ 'ਚ 0.50 ਫੀਸਦੀ ਤੋਂ ਜ਼ਿਆਦਾ ਘਾਟੇ 'ਚ ਹਨ। ਪ੍ਰੀ-ਓਪਨ ਸੈਸ਼ਨ (pre open session)'ਚ ਬਾਜ਼ਾਰ ਖਿਲਰਿਆ ਨਜ਼ਰ ਆਇਆ। ਪ੍ਰੀ-ਓਪਨ ਸੈਸ਼ਨ ਵਿੱਚ, ਬੀਐਸਈ ਸੈਂਸੈਕਸ (BSE Sensex) 500 ਅੰਕ ਹੇਠਾਂ ਸੀ, ਜਦੋਂ ਕਿ ਐਨਐਸਈ ਨਿਫਟੀ ਲਗਭਗ 160 ਅੰਕਾਂ ਦੇ ਨੁਕਸਾਨ ਵਿੱਚ ਸੀ। ਸਵੇਰ ਦੇ ਸਮੇਂ ਗਿਫਟੀ ਨਿਫਟੀ ਦੇ ਫਿਊਚਰਜ਼ 'ਚ ਵੀ 150 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਸੀ, ਜੋ ਇਹ ਸੰਕੇਤ ਦੇ ਰਿਹਾ ਸੀ ਕਿ ਫਿਲਹਾਲ ਬਾਜ਼ਾਰ ਦੀ ਗਿਰਾਵਟ 'ਤੇ ਕਾਬੂ ਨਹੀਂ ਪਾਇਆ ਜਾ ਰਿਹਾ ਹੈ। ਜਦੋਂ ਸਵੇਰੇ 9.15 ਵਜੇ ਬਾਜ਼ਾਰ ਖੁੱਲ੍ਹਿਆ ਤਾਂ ਸੈਂਸੈਕਸ ਅਤੇ ਨਿਫਟੀ ਦੋਵੇਂ 0.50 ਫੀਸਦੀ ਤੋਂ ਜ਼ਿਆਦਾ ਦੇ ਨੁਕਸਾਨ 'ਚ ਸਨ। ਸ਼ੁਰੂਆਤੀ ਸੈਸ਼ਨ 'ਚ ਬੈਂਕਿੰਗ ਅਤੇ ਵਿੱਤ ਸ਼ੇਅਰਾਂ 'ਤੇ ਦਬਾਅ ਹੈ। ਬੁੱਧਵਾਰ ਨੂੰ ਨਿਫਟੀ ਬੈਂਕ ਅਤੇ ਨਿਫਟੀ ਫਾਈਨੈਂਸ਼ੀਅਲ ਸਰਵਿਸਿਜ਼ 'ਚ 4 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ ਸੀ। HDFC ਬੈਂਕ ਦੇ ਖਰਾਬ ਤਿਮਾਹੀ ਨਤੀਜਿਆਂ ਤੋਂ ਬਾਅਦ ਬੈਂਕਿੰਗ ਅਤੇ ਵਿੱਤੀ ਸ਼ੇਅਰਾਂ 'ਚ ਭਾਰੀ ਬਿਕਵਾਲੀ ਦੇਖਣ ਨੂੰ ਮਿਲ ਰਹੀ ਹੈ।