Sonu Sood On Punjab Flood: ਪੰਜਾਬ ਇਸ ਸਮੇਂ ਲਗਾਤਾਰ ਪੈ ਰਹੇ ਮੀਂਹ ਤੋਂ ਬਾਅਦ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਪੰਜਾਬ ਦੇ ਕਈ ਇਲਾਕੇ ਅਜਿਹੇ ਹਨ ਜਿੱਥੇ ਮੀਂਹ ਰੁਕਣ ਤੋਂ ਬਾਅਦ ਵੀ ਪਾਣੀ ਨਾਲ ਜਲ-ਥਲ ਦੀ ਸਥਿਤੀ ਬਣੀ ਹੋਈ ਹੈ। ਇਸ ਵਿਚਾਲੇ ਕਈ ਪੰਜਾਬੀ ਅਤੇ ਬਾਲੀਵੁੱਡ ਸਿਤਾਰੇ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਦੱਸ ਦੇਈਏ ਕਿ ਮਾਇਆ ਨਗਰੀ ਮੁੰਬਈ ਵਿੱਚ ਆਪਣੀ ਪਛਾਣ ਬਣਾਉਣ ਵਾਲੇ ਬਾਲੀਵੁੱਡ ਸਿਤਾਰੇ ਸੋਨੂੰ ਸੂਦ ਨੇ ਵੀ ਪੰਜਾਬ ਲਈ ਮਦਦ ਦਾ ਹੱਥ ਵਧਾਇਆ ਹੈ। ਮੁੰਬਈ ਵਿੱਚ ਆਪਣੀ ਪ੍ਰਤਿਭਾ ਦੇ ਆਧਾਰ 'ਤੇ ਵਾਹੋ ਵਾਹੀ ਖੱਟਣ ਵਾਲੇ ਸੋਨੂੰ ਸੂਦ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਮਦਦ ਦਾ ਹੱਥ ਵਧਾਇਆ ਗਿਆ ਹੈ। ਉਨ੍ਹਾਂ ਨੇ ਪੰਜਾਬ ਵਿੱਚ ਆਏ ਹੜ੍ਹਾਂ ਦੇ 'ਤੇ ਦੁੱਖ ਪ੍ਰਗਟਾਵਾ ਕੀਤਾ ਹੈ। ਸੋਨੂੰ ਸੂਦ ਨੇ ਆਪਣੇ ਟਵਿਟਰ ਹੈਂਡਲ 'ਤੇ ਪੋਸਟ ਕੀਤਾ ਹੈ। ਜਿਸ ਵਿੱਚ ਸੋਨੂੰ ਸੂਦ ਨੇ ਲਿਖਿਆ ਹੈ- ਮੇਰਾ ਪਿਆਰਾ ਪੰਜਾਬ, ਮੇਰਾ ਦਿਲ ਤੁਹਾਡੇ ਲਈ ਦੁਖਦਾ ਹੈ। ਕਿਉਂਕਿ ਹੜ੍ਹਾਂ ਨੇ ਉਸ ਧਰਤੀ ਉੱਪਰ ਕਹਿਰ ਬਰਸਾਇਆ ਹੈ, ਜਿਸਨੇ ਮੈਨੂੰ ਵੱਡਾ ਕੀਤਾ ਹੈ, ਇਸ ਦੌਰਾਨ ਮੈਂ ਬੇਕਾਰ ਖੜ੍ਹਾ ਰਹਿਣਾ ਬਰਦਾਸ਼ਤ ਨਹੀਂ ਕਰ ਸਕਦਾ। ਪੰਜਾਬ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਅਤੇ ਹੁਣ ਵਾਪਸ ਦੇਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਨੇ ਆਪਣੇ ਟਵੀਟ 'ਚ ਲਿਖਿਆ- ਅਸੀਂ ਮਿਲ ਕੇ ਇਸ ਆਫ਼ਤ ਦਾ ਸਾਹਮਣਾ ਕਰਾਂਗੇ, ਲੋੜਵੰਦ ਪੰਜਾਬੀਆਂ ਲਈ ਮੁੜ ਨਿਰਮਾਣ ਕਰਾਂਗੇ ਅਤੇ ਮਜ਼ਬੂਤ ਹੋਵਾਂਗੇ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਸੂਦ ਚੈਰਿਟੀ ਫਾਊਂਡੇਸ਼ਨ ਦਾ ਇੱਕ ਨੰਬਰ 78886-75107 ਵੀ ਜਾਰੀ ਕੀਤਾ ਹੈ। ਇਹ ਵੀ ਲਿਖਿਆ ਹੈ ਕਿ ਕੋਈ ਵੀ ਲੋੜਵੰਦ ਸਾਨੂੰ ਇਸ ਨੰਬਰ 'ਤੇ SMS ਰਾਹੀਂ ਸੁਨੇਹਾ ਭੇਜ ਸਕਦਾ ਹੈ। ਮਦਦ ਉਸ ਤੱਕ ਪਹੁੰਚ ਜਾਵੇਗੀ। ਟਵੀਟ ਵਿੱਚ ਉਨ੍ਹਾਂ ਨੇ ਆਪਣੀ ਭੈਣ ਨਾਲ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ। ਕਾਬਿਲੇਗੌਰ ਹੈ ਕਿ ਸੋਨੂੰ ਸੂਦ ਨੂੰ ਕੋਵਿਡ-19 ਮਹਾਮਾਰੀ ਦੌਰਾਨ ਲੋਕਾਂ ਦੀ ਮਦਦ ਕਰਨ ਤੇ ਪੰਜਾਬ ਦਾ 'ਸਟੇਟ ਆਈਕਨ' ਐਲਾਨਿਆ ਗਿਆ ਸੀ। ਉਨ੍ਹਾਂ ਮੁਸ਼ਕਿਲ ਸਮੇਂ ਵਿੱਚ ਕਈ ਲੋਕਾਂ ਦੀ ਮਦਦ ਕੀਤੀ। ਹਾਲਾਂਕਿ ਸੋਨੂੰ ਇਸ ਤੋਂ ਇਲਾਵਾ ਵੀ ਅਕਸਰ ਕਈ ਲੋਕਾਂ ਦੀ ਮਦਦ ਕਰਨ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਅਦਾਕਾਰ ਦੀ ਦਰਿਆ ਦਿਲੀ ਦੇਖ ਪ੍ਰਸ਼ੰਸਕ ਵੀ ਉਨ੍ਹਾਂ ਦੇ ਗੁਣ ਗਾਉਂਦੇ ਹਨ। ਹਰ ਕੋਈ ਸੋਨੂੰ ਸੂਦ ਵੱਲੋਂ ਕੀਤੇ ਜਾ ਰਹੇ ਇਸ ਨੇਕ ਕੰਮ ਦੀ ਤਾਰੀਫ ਕਰਦਾ ਹੈ।