Rohit Sharma on WC 2023: ਟੀਮ ਇੰਡੀਆ ਦੇ ਵਿਸ਼ਵ ਕੱਪ 2023 ਜਿੱਤਣ ਦੀਆਂ ਸੰਭਾਵਨਾਵਾਂ ਨਾਲ ਜੁੜੇ ਇੱਕ ਸਵਾਲ 'ਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦਾ ਬਿਆਨ ਆਇਆ ਹੈ।



ਉਨ੍ਹਾਂ ਨੇ ਇਸ ਸਵਾਲ ਦਾ ਬਹੁਤ ਹੀ ਕੂਟਨੀਤਕ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਫਿਲਹਾਲ ਉਹ ਟੀਮ ਦੇ ਸਾਰੇ ਖਿਡਾਰੀਆਂ ਦੇ ਪੂਰੀ ਤਰ੍ਹਾਂ ਫਿੱਟ ਅਤੇ ਤੰਦਰੁਸਤ ਰਹਿਣ ਦੀ ਉਮੀਦ ਕਰਦੇ ਹਨ।



ਜਦੋਂ ਰੋਹਿਤ ਸ਼ਰਮਾ ਤੋਂ ਪੁੱਛਿਆ ਗਿਆ ਕਿ ਟੀਮ ਇੰਡੀਆ ਇਸ ਵਾਰ ਤੀਜਾ ਵਨਡੇ ਵਿਸ਼ਵ ਕੱਪ ਜਿੱਤਣ ਜਾ ਰਹੀ ਹੈ ਤਾਂ ਹਿਟਮੈਨ ਨੇ ਕਿਹਾ, 'ਮੇਰੇ ਕੋਲ ਇਸ ਦਾ ਕੋਈ ਜਵਾਬ ਨਹੀਂ ਹੈ। ਮੈਂ ਇਹ ਕਿਵੇਂ ਕਹਿ ਸਕਦਾ ਹਾਂ?



ਫਿਲਹਾਲ, ਮੈਂ ਸਿਰਫ ਉਮੀਦ ਕਰ ਸਕਦਾ ਹਾਂ ਕਿ ਟੀਮ ਪੂਰੇ ਟੂਰਨਾਮੈਂਟ ਦੌਰਾਨ ਚੰਗੇ ਹਾਲਾਤ ਵਿੱਚ ਰਹੇ। ਹਰ ਕੋਈ ਫਿੱਟ ਅਤੇ ਤੰਦਰੁਸਤ ਰਹੇ।



ਮੈਂ ਬੱਸ ਇਹੀ ਉਮੀਦ ਕਰ ਸਕਦਾ ਹਾਂ। ਮੈਂ ਇਸ ਤੋਂ ਅੱਗੇ ਕੁਝ ਨਹੀਂ ਕਹਿ ਸਕਦਾ। ਟੀਮ ਦਾ ਚੰਗੇ ਹਾਲਾਤ ਵਿੱਚ ਰੱਖਣਾ ਇੱਕ ਮਹੱਤਵਪੂਰਨ ਫੈਕਟਰ ਹੈ ਅਤੇ ਬਹੁਤ ਜ਼ਰਰੀ ਵੀ ਹੈ।



ਘਰੇਲੂ ਹਾਲਾਤਾਂ ਦੇ ਚੱਲਦੇ ਭਾਰਤੀ ਟੀਮ ਨੂੰ ਵਿਸ਼ਵ ਕੱਪ ਦਾ ਚਹੇਤਾ ਮੰਨਿਆ ਜਾਂਦਾ ਹੈ। ਹਾਲ ਹੀ 'ਚ ਟੀਮ ਇੰਡੀਆ ਨੇ ਏਸ਼ੀਆ ਕੱਪ ਵੀ ਜਿੱਤਿਆ ਹੈ।



ਇਸ ਦੇ ਨਾਲ ਹੀ ਇਸ ਸਾਲ ਹੋਈ ਵਨਡੇ ਦੁਵੱਲੀ ਸੀਰੀਜ਼ 'ਚ ਵੀ ਟੀਮ ਇੰਡੀਆ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ।



ਭਾਰਤੀ ਟੀਮ ਫਿਲਹਾਲ ICC ਵਨਡੇ ਰੈਂਕਿੰਗ 'ਚ ਨੰਬਰ-1 'ਤੇ ਬਰਕਰਾਰ ਹੈ। ਭਾਰਤ ਦੇ ਨਾਲ-ਨਾਲ ਇੰਗਲੈਂਡ, ਆਸਟ੍ਰੇਲੀਆ ਅਤੇ ਪਾਕਿਸਤਾਨ ਨੂੰ ਵੀ ਵਿਸ਼ਵ ਕੱਪ ਜਿੱਤਣ ਦੇ ਦਾਅਵੇਦਾਰ ਵਜੋਂ ਦੇਖਿਆ ਜਾ ਰਿਹਾ ਹੈ।



ਵਿਸ਼ਵ ਕੱਪ 2023 ਦੀ ਸ਼ੁਰੂਆਤ 5 ਅਕਤੂਬਰ ਤੋਂ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਹੋਣ ਵਾਲੇ ਮੈਚ ਨਾਲ ਹੋਵੇਗੀ।



ਟੀਮ ਇੰਡੀਆ ਆਪਣਾ ਵਿਸ਼ਵ ਕੱਪ ਅਭਿਆਨ 8 ਅਕਤੂਬਰ ਤੋਂ ਸ਼ੁਰੂ ਕਰੇਗਾ। ਇਸ ਦਿਨ ਉਸ ਦਾ ਸਾਹਮਣਾ ਆਸਟ੍ਰੇਲੀਆ ਨਾਲ ਹੋਵੇਗਾ।