ਤਿਉਹਾਰਾਂ ਦੇ ਸੀਜ਼ਨ 'ਚ BSNL ਨੇ ਆਪਣੇ ਯੂਜ਼ਰਾਂ ਲਈ ਖਾਸ ਤੋਹਫ਼ਾ ਦਿੱਤਾ ਹੈ।

ਹੁਣ ਗਾਹਕ ਮੋਬਾਈਲ ਨੈੱਟਵਰਕ ਦੇ ਬਿਨਾਂ ਵੀ Wi-Fi ਰਾਹੀਂ ਵੌਇਸ ਕਾਲ ਕਰ ਸਕਣਗੇ। ਇਸ ਨਵੀਂ VoWiFi ਸੇਵਾ ਨਾਲ BSNL ਹੁਣ Jio, Airtel ਅਤੇ Vodafone-Idea ਵਰਗੀਆਂ ਕੰਪਨੀਆਂ ਦੇ ਨਾਲ ਬਰਾਬਰੀ 'ਚ ਆ ਗਿਆ ਹੈ।

BSNL ਨੇ ਦੇਸ਼ ਭਰ ਵਿੱਚ 1 ਲੱਖ ਤੋਂ ਵੱਧ ਮੋਬਾਈਲ ਟਾਵਰ ਲਾ ਕੇ ਆਪਣੀ 4G ਸੇਵਾ ਵਧਾਈ ਹੈ।

ਕੰਪਨੀ ਅੱਗੇ 97,500 ਹੋਰ ਟਾਵਰ ਲਗਾਉਣ ਦੀ ਯੋਜਨਾ ਬਣਾ ਰਹੀ ਹੈ।

ਇਸ ਦੌਰਾਨ VoWiFi ਸੇਵਾ ਦੀ ਸ਼ੁਰੂਆਤ BSNL ਦੇ 25 ਸਾਲ ਪੂਰੇ ਹੋਣ ਦੇ ਮੌਕੇ ਤੇ ਵੱਡੀ ਉਪਲਬਧੀ ਮੰਨੀ ਜਾ ਰਹੀ ਹੈ।

BSNL ਨੇ ਆਪਣੀ VoWiFi ਸੇਵਾ ਦਾ ਸੌਫਟ ਲਾਂਚ 2 ਅਕਤੂਬਰ ਨੂੰ DoT ਸਕੱਤਰ ਨੀਰਜ ਮਿੱਤਲ ਵੱਲੋਂ ਕੀਤਾ।

ਪਹਿਲਾਂ ਇਹ ਸੇਵਾ ਦੱਖਣ ਅਤੇ ਪੱਛਮੀ ਖੇਤਰ ਵਿੱਚ ਸ਼ੁਰੂ ਕੀਤੀ ਗਈ ਹੈ, ਪਰ ਜਲਦੀ ਦੇਸ਼ ਭਰ ਵਿੱਚ ਉਪਲਬਧ ਹੋਵੇਗੀ। ਇਸ ਦੇ ਨਾਲ BSNL ਨੇ ਮੁੰਬਈ ਵਿੱਚ 4G ਅਤੇ eSIM ਸੇਵਾ ਵੀ ਸ਼ੁਰੂ ਕੀਤੀ ਹੈ।

ਇਹ ਸੇਵਾ ਖ਼ਾਸ ਕਰਕੇ ਉਹਨਾਂ ਖੇਤਰਾਂ ਲਈ ਫਾਇਦੇਮੰਦ ਹੈ ਜਿੱਥੇ ਮੋਬਾਈਲ ਨੈੱਟਵਰਕ ਕਮਜ਼ੋਰ ਹੁੰਦਾ ਹੈ।

ਯੂਜ਼ਰ ਆਪਣੇ ਘਰ ਦੇ Wi-Fi ਰਾਹੀਂ ਸਾਫ਼ ਅਤੇ ਸਥਿਰ ਕਾਲ ਕਰ ਸਕਣਗੇ।

ਇਸ ਲਈ ਯੂਜ਼ਰ ਕੋਲ VoWiFi ਸਪੋਰਟ ਕਰਨ ਵਾਲਾ ਸਮਾਰਟਫੋਨ ਹੋਣਾ ਚਾਹੀਦਾ ਹੈ, ਜੋ ਅੱਜਕੱਲ੍ਹ ਜ਼ਿਆਦਾਤਰ ਨਵੇਂ ਐਂਡਰਾਇਡ ਅਤੇ ਆਈਫੋਨ ਮਾਡਲਾਂ ਵਿੱਚ ਮਿਲਦਾ ਹੈ।

BSNL ਨੇ ਪੁਸ਼ਟੀ ਕੀਤੀ ਹੈ ਕਿ ਇਹ ਨਵੀਂ VoWiFi ਸੇਵਾ ਪੂਰੀ ਤਰ੍ਹਾਂ ਮੁਫ਼ਤ ਹੋਵੇਗੀ। ਕਾਲ ਕਰਨ ਲਈ ਯੂਜ਼ਰਾਂ ਨੂੰ ਕੋਈ ਵਾਧੂ ਸ਼ੁਲਕ ਨਹੀਂ ਦੇਣਾ ਪਵੇਗਾ।

ਪਹਿਲਾਂ ਜਿੱਥੇ ਇਹ ਪ੍ਰਾਈਵੇਟ ਕੰਪਨੀਆਂ ਹੀ Wi-Fi ਕਾਲਿੰਗ ਸੇਵਾ ਦਿੰਦੀਆਂ ਸਨ, ਹੁਣ BSNL ਵੀ ਉਸੇ ਕਤਾਰ ਵਿੱਚ ਸ਼ਾਮਿਲ ਹੋ ਗਿਆ ਹੈ।