Rupee at Record Low: ਭਾਰਤੀ ਰੁਪਏ ਵਿੱਚ ਗਿਰਾਵਟ ਜਾਰੀ ਹੈ ਅਤੇ ਇਹ ਵੀਰਵਾਰ, 20 ਅਕਤੂਬਰ, 2022 ਨੂੰ ਪਹਿਲੀ ਵਾਰ ਸ਼ੁਰੂਆਤ ਵਿੱਚ ਇੱਕ ਡਾਲਰ (Rupee vs Dollar) ਦੇ ਮੁਕਾਬਲੇ 83 ਦੇ ਪੱਧਰ ਨੂੰ ਤੋੜ ਕੇ ਹੇਠਾਂ ਚਲਾ ਗਿਆ ਹੈ।

ਰੁਪਏ 'ਚ ਅੱਜ ਸ਼ੁਰੂਆਤੀ ਕਾਰੋਬਾਰ 'ਚ 6 ਪੈਸੇ ਦੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਇਹ 83.08 ਰੁਪਏ ਪ੍ਰਤੀ ਡਾਲਰ ਦੇ ਪੱਧਰ 'ਤੇ ਆ ਗਿਆ ਹੈ। ਇਸ ਨਾਲ ਹੀ 9.15 ਮਿੰਟ 'ਤੇ ਰੁਪਿਆ ਲਗਭਗ 83.06 ਰੁਪਏ ਪ੍ਰਤੀ ਡਾਲਰ 'ਤੇ ਪਹੁੰਚ ਗਿਆ ਹੈ।

ਆਖਰੀ ਵਪਾਰਕ ਦਿਨ ਯਾਨੀ 19 ਅਕਤੂਬਰ 2022 ਨੂੰ ਡਾਲਰ ਦੇ ਮੁਕਾਬਲੇ ਰੁਪਏ ਵਿੱਚ 66 ਪੈਸੇ ਦੀ ਗਿਰਾਵਟ ਆਈ ਅਤੇ ਇਹ 83.02 ਰੁਪਏ 'ਤੇ ਬੰਦ ਹੋਇਆ।

ਮਾਹਰ ਰੁਪਏ ਦੀ ਡਿੱਗਦੀ ਕੀਮਤ 'ਤੇ ਲਗਾਤਾਰ ਚਿੰਤਾ ਪ੍ਰਗਟ ਕਰ ਰਹੇ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਛੇਤੀ ਹੀ ਇਹ 85 ਦੇ ਅੰਕੜੇ ਨੂੰ ਛੂਹ ਸਕਦਾ ਹੈ।

ਸਰਕਾਰ ਲਗਾਤਾਰ ਚੁੱਕ ਰਹੀ ਹੈ ਕਦਮ : ਜ਼ਿਕਰਯੋਗ ਹੈ ਕਿ ਸਰਕਾਰ ਰੁਪਏ ਦੀਆਂ ਡਿੱਗਦੀਆਂ ਕੀਮਤਾਂ ਨੂੰ ਕਾਬੂ ਕਰਨ ਲਈ ਲਗਾਤਾਰ ਵੱਡੇ ਕਦਮ ਚੁੱਕ ਰਹੀ ਹੈ ਪਰ ਅਜੇ ਤੱਕ ਇਸ ਵਿੱਚ ਕੋਈ ਸਫਲਤਾ ਨਹੀਂ ਮਿਲੀ ਹੈ।

ਬੀਤੇ ਕੁਝ ਦਿਨਾਂ ਤੋਂ ਰੁਪਏ ਦੀ ਕੀਮਤ ਲਗਾਤਾਰ ਡਿੱਗ ਰਹੀ ਹੈ। ਸਾਲ 2022 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਰੁਪਏ ਦੀ ਕੀਮਤ ਵਿੱਚ 10% ਤੋਂ ਵੱਧ ਦੀ ਗਿਰਾਵਟ ਆਈ ਹੈ। 2014 ਤੋਂ ਲੈ ਕੇ ਹੁਣ ਤੱਕ ਰੁਪਏ ਦੀ ਕੀਮਤ 40.50% ਤੱਕ ਡਿੱਗ ਚੁੱਕੀ ਹੈ।

ਮਈ 2014 'ਚ ਰੁਪਿਆ 58.58 'ਤੇ ਸੀ, ਜੋ ਹੁਣ ਡਿੱਗ ਕੇ 83.08 'ਤੇ ਆ ਗਿਆ ਹੈ। ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਪਿਛਲੇ ਦੋ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ 'ਤੇ ਆ ਗਿਆ ਹੈ।

ਅਜਿਹੇ 'ਚ ਡਾਲਰ ਦੀ ਮੰਗ ਲਗਾਤਾਰ ਵਧ ਰਹੀ ਹੈ ਅਤੇ ਰੁਪਏ ਦੀ ਕੀਮਤ 'ਚ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

ਵਿਆਜ ਦਰਾਂ 'ਚ ਵਾਧੇ ਕਾਰਨ ਫੈਡਰਲ ਰਿਜ਼ਰਵ ਰੁਪਏ ਵਿੱਚ ਕਰ ਰਿਹੈ ਗਿਰਾਵਟ : ਕਈ ਮਾਹਰਾਂ ਦਾ ਮੰਨਣਾ ਹੈ ਕਿ ਭਾਰਤ ਸਮੇਤ ਪੂਰੀ ਦੁਨੀਆ ਦੀ ਕਰੰਸੀ 'ਚ ਡਾਲਰ ਦੇ ਮੁਕਾਬਲੇ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਯੂਐਸ ਫੈਡਰਲ ਰਿਜ਼ਰਵ ਦੇਸ਼ ਵਿੱਚ ਮਹਿੰਗਾਈ ਨੂੰ ਰੋਕਣ ਲਈ ਆਪਣੀਆਂ ਵਿਆਜ ਦਰਾਂ ਵਿੱਚ ਲਗਾਤਾਰ ਵਾਧਾ ਕਰ ਰਿਹਾ ਹੈ।

ਬਾਜ਼ਾਰਾਂ 'ਚ ਡਾਲਰ ਦੀ ਖਰੀਦਦਾਰੀ ਵਧਣ ਕਾਰਨ ਰੁਪਏ ਸਮੇਤ ਪੂਰੀ ਦੁਨੀਆ ਦੀ ਕਰੰਸੀ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਹੋਰ ਏਸ਼ੀਆਈ ਮੁਦਰਾਵਾਂ 'ਚ ਗਿਰਾਵਟ ਕਾਰਨ ਇਸ ਦਾ ਅਸਰ ਭਾਰਤੀ ਰੁਪਏ 'ਤੇ ਵੀ ਪੈ ਰਿਹਾ ਹੈ।