ਛੋਟੀਆਂ-ਛੋਟੀਆਂ ਗੱਲਾਂ ਸਾਨੂੰ ਸਿਹਤਮੰਦ ਰੱਖ ਸਕਦੀਆਂ ਹਨ। ਬਗੈਰ ਕਿਸੇ ਖਰਚੇ ਤੇ ਦਵਾਈਆਂ ਦੇ ਅਸੀਂ ਬਿਮਾਰੀਆਂ ਤੋਂ ਦੂਰ ਰਹੇ ਸਕਦੇ ਹਾਂ। ਜੀ ਹਾਂ, ਤੁਸੀਂ ਅਕਸਰ ਸੁਣਿਆ ਹੋਏਗਾ ਕਿ ਸਵੇਰ ਵੇਲੇ ਹਰੇ ਘਾਹ ਉਪਰ ਤੁਰਨ ਨਾਲ ਸਿਹਤ ਨੂੰ ਕਈ ਫਾਇਦੇ ਮਿਲਦੇ ਹਨ। ਦਰਅਸਲ ਘਾਹ 'ਤੇ ਨੰਗੇ ਪੈਰੀਂ ਸੈਰ ਕਰਨ ਦੇ ਸਿਹਤ ਲਾਭ ਬਾਰੇ ਬਚਪਨ ਤੋਂ ਹੀ ਦੱਸਿਆ ਜਾਂਦਾ ਹੈ। ਵੱਡੇ ਪਰਿਵਾਰਕ ਮੈਂਬਰ ਬੱਚਿਆਂ ਨੂੰ ਪਾਰਕ ਵਿੱਚ ਸਵੇਰ ਦੀ ਸੈਰ ਲਈ ਲੈ ਜਾਣ ਦੀ ਆਦਤ ਬਣਾਉਂਦੇ ਹਨ। ਪੁਰਾਣੇ ਜ਼ਮਾਨੇ ਵਿੱਚ ਤੁਸੀਂ ਆਪਣੇ ਘਰ ਵਿੱਚ ਕਈ ਵਾਰ ਸੁਣਿਆ ਹੋਵੇਗਾ ਕਿ ਸਵੇਰੇ ਹਰੇ ਘਾਹ 'ਤੇ ਨੰਗੇ ਪੈਰੀਂ ਸੈਰ ਕਰਨਾ ਚਾਹੀਦਾ ਹੈ ਪਰ ਅੱਜ-ਕੱਲ੍ਹ ਲੋਕ ਆਪਣੇ ਕੰਮਾਂ ਵਿੱਚ ਇੰਨੇ ਰੁੱਝ ਗਏ ਹਨ ਕਿ ਉਹ ਆਪਣੇ ਲਈ ਸਮਾਂ ਹੀ ਨਹੀਂ ਕੱਢ ਪਾਉਂਦੇ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਘਾਹ 'ਤੇ ਨੰਗੇ ਪੈਰੀਂ ਚੱਲਣ ਦੇ ਫਾਇਦੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਜਾਣ ਕੇ ਤੁਸੀਂ ਅੱਜ ਤੋਂ ਹੀ ਘਾਹ 'ਤੇ ਤੁਰਨਾ ਸ਼ੁਰੂ ਕਰ ਦਿਓਗੇ। ਜੇ ਤੁਸੀਂ ਰੋਜ਼ਾਨਾ 15 ਤੋਂ 20 ਮਿੰਟ ਤੱਕ ਘਾਹ 'ਤੇ ਨੰਗੇ ਪੈਰੀਂ ਤੁਰਦੇ ਹੋ ਤਾਂ ਸਿਹਤ ਸਬੰਧੀ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਰੋਜ਼ਾਨਾ ਸਵੇਰੇ ਘਾਹ 'ਤੇ ਨੰਗੇ ਪੈਰੀਂ ਤੁਰਨ ਨਾਲ ਅੱਖਾਂ ਦੀ ਰੋਸ਼ਨੀ ਵਧਦੀ ਹੈ। ਸਿਹਤ ਮਾਹਿਰਾਂ ਅਨੁਸਾਰ ਘਾਹ 'ਤੇ ਨੰਗੇ ਪੈਰੀਂ ਤੁਰਨ ਨਾਲ ਅੰਗੂਠੇ 'ਤੇ ਸਰੀਰ ਦਾ ਦਬਾਅ ਪੈਂਦਾ ਹੈ ਜੋ ਅੱਖਾਂ ਲਈ ਫਾਇਦੇਮੰਦ ਹੁੰਦਾ ਹੈ। ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਲਰਜੀ ਤੋਂ ਪੀੜਤ ਹੋ ਤਾਂ ਤੁਸੀਂ ਘਾਹ 'ਤੇ ਸੈਰ ਕਰਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਡਿਪਰੈਸ਼ਨ ਤੋਂ ਪੀੜਤ ਲੋਕਾਂ ਨੂੰ ਰੋਜ਼ਾਨਾ ਘੱਟੋ-ਘੱਟ 20 ਤੋਂ 30 ਮਿੰਟ ਘਾਹ 'ਤੇ ਸੈਰ ਕਰਨੀ ਚਾਹੀਦੀ ਹੈ। ਇਸ ਨਾਲ ਉਨ੍ਹਾਂ ਨੂੰ ਰਾਹਤ ਮਿਲੇਗੀ। ਸ਼ੂਗਰ ਰੋਗੀਆਂ ਨੂੰ ਵੀ ਸ਼ੂਗਰ ਕੰਟਰੋਲ ਕਰਨ ਲਈ ਸਵੇਰੇ ਘਾਹ 'ਤੇ ਸੈਰ ਕਰਨ ਨਾਲ ਫਾਇਦਾ ਹੁੰਦਾ ਹੈ। ਸਵੇਰੇ ਘਾਹ 'ਤੇ ਸੈਰ ਕਰਨ ਨਾਲ ਤੁਹਾਨੂੰ ਆਰਾਮ ਤੇ ਰਾਹਤ ਮਹਿਸੂਸ ਹੋਵੇਗੀ। ਸਵੇਰੇ ਘੱਟੋ-ਘੱਟ 15 ਮਿੰਟ ਘਾਹ 'ਤੇ ਸੈਰ ਕਰਨੀ ਚਾਹੀਦੀ ਹੈ। ਜੇਕਰ ਤੁਹਾਡੇ ਕੋਲ ਸਮਾਂ ਹੈ ਤਾਂ ਤੁਸੀਂ 30 ਮਿੰਟ ਸੈਰ ਕਰ ਸਕਦੇ ਹੋ। ਇਸ ਦਾ ਤੁਹਾਡੀ ਸਿਹਤ 'ਤੇ ਚੰਗਾ ਅਸਰ ਪਵੇਗਾ। ਮਾਹਿਰਾਂ ਮੁਤਾਬਕ ਘਾਹ 'ਤੇ ਨੰਗੇ ਪੈਰੀਂ ਚੱਲਣ ਨਾਲ ਸਰੀਰ 'ਚ ਖੂਨ ਦਾ ਸੰਚਾਰ ਵਧਦਾ ਹੈ, ਜਿਸ ਨਾਲ ਨੀਂਦ ਵੀ ਚੰਗੀ ਆਉਂਦੀ ਹੈ।