Master Saleem Controversy: ਪੰਜਾਬੀ ਗਾਇਕ ਮਾਸਟਰ ਸਲੀਮ ਮਿਊਜ਼ਿਕ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹਨ। ਉਨ੍ਹਾਂ ਆਪਣੀ ਗਾਇਕੀ ਦੇ ਦਮ ਤੇ ਪੰਜਾਬੀ ਦੇ ਨਾਲ-ਨਾਲ ਹਿੰਦੀ ਸੰਗੀਤ ਜਗਤ ਵਿੱਚ ਵੀ ਵੱਖਰੀ ਪਛਾਣ ਬਣਾਈ ਹੈ। ਇਨ੍ਹੀਂ ਦਿਨੀਂ ਪੰਜਾਬੀ ਗਾਇਕ ਆਪਣੇ ਇੱਕ ਬਿਆਨ ਦੇ ਚੱਲਦੇ ਲਗਾਤਾਰ ਸੁਰਖੀਆਂ ਬਟੋਰ ਰਿਹਾ ਹੈ। ਦੱਸ ਦੇਈਏ ਕਿ ਕਲਾਕਾਰ ਦੇ ਇਸ ਬਿਆਨ ਕਾਰਨ ਉਨ੍ਹਾਂ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਹੈ। ਦੱਸ ਦੇਈਏ ਕਿ ਮਾਸਟਰ ਸਲੀਮ ਨੇ ਨਕੋਦਰ ‘ਚ ਪ੍ਰੋਗਰਾਮ ਦੌਰਾਨ ਕਿਹਾ, “ਮੈਂ ਚਿੰਤਪੁਰਨੀ ਗਿਆ, ਮਾਤਾ ਰਾਣੀ ਦੇ ਦਰਸ਼ਨ ਕੀਤੇ, ਪੁਜਾਰੀ ਜੀ ਨੇ ਮੈਨੂੰ ਵਧੀਆ ਤਰੀਕੇ ਨਾਲ ਦਰਸ਼ਨ ਕਰਵਾਏ। ਇਸ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਆਰਤੀ ਲੈਣ ਲਈ ਕਿਹਾ ਤਾਂ ਫਿਰ ਮੈਂ ਆਰਤੀ ਲਈ। ਇਸ ਤੋਂ ਬਾਅਦ ਉਨ੍ਹਾਂ ਮੈਨੂੰ ਕਿਹਾ ਕਿ ਆਓ ਬੈਠਦੇ ਹਾਂ, ਫਿਰ ਉਨ੍ਹਾਂ ਕਿਹਾ ਕਿ ਇਹ ਤਾਂ ਹੋ ਗਈ ਮਾਂ ਦੀ ਗੱਲ, ਮਾਂ ਨੇ ਤੈਨੂੰ ਆਸ਼ੀਰਵਾਦ ਦੇ ਦਿੱਤਾ, ਹੁਣ ਸੁਣਾਓ ਮੇਰੇ ਪਿਓ ਦਾ ਕੀ ਹਾਲ ਹੈ, ਕਹਿੰਦੇ ਬਾਬਾ ਮੁਰਾਦ ਸ਼ਾਹ ਸਰਕਾਰ, ਬਾਬਾ ਗੁਲਾਮ ਸ਼ਾਹ ਸਰਕਾਰ ਦਾ ਕੀ ਹਾਲ ਹੈ।’’ ਇਸ ਬਿਆਨ ਤੋਂ ਬਾਅਦ ਲੋਕਾਂ ਦਾ ਭਾਰੀ ਵਿਰੋਧ ਦੇਖਣ ਨੂੰ ਮਿਲਿਆ। ਹਾਲਾਂਕਿ ਮਾਸਟਰ ਸਲੀਮ ਵੱਲੋਂ ਇਸ ਉੱਪਰ ਮਾਫੀ ਵੀ ਮੰਗ ਲਈ ਗਈ। ਪਰ ਉਨ੍ਹਾਂ ਵੱਲੋਂ ਦਿੱਤੇ ਗਏ ਸਪਸ਼ਟੀਕਰਨ ਤੋਂ ਕੋਈ ਵੀ ਸਹਿਮਤ ਨਹੀਂ ਹੈ। ਜਿਸਦੇ ਚੱਲਦੇ ਲੋਕ ਲਗਾਤਾਰ ਪੰਜਾਬੀ ਗਾਇਕ ਦਾ ਵਿਰੋਧ ਕਰ ਰਹੇ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਮਾਸਟਰ ਸਲੀਮ ਵੱਲੋਂ ਮਾਤਾ ਚਿੰਤਪੁਰਨੀ ਨੂੰ ਲੈ ਕੇ ਦਿੱਤੇ ਗਏ ਬਿਆਨ ਦੇ ਚੱਲਦੇ ਨਕੋਦਰ ‘ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉੱਥੇ ਹੀ ਮੰਦਰ ਦੇ ਪੁਜਾਰੀਆਂ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਨਾਲ ਮਾਸਟਰ ਸਲੀਮ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਦੂਜੇ ਪਾਸੇ ਮੰਦਰ ਦੇ ਪੁਜਾਰੀ ਦਾ ਬਿਆਨ ਵੀ ਸਾਹਮਣੇ ਆਇਆ ਹੈ। ਜਿਸ ‘ਚ ਉਨ੍ਹਾਂ ਕਿਹਾ ਕਿ ਕਿਸੇ ਵੀ ਮੰਦਰ ਦੇ ਪੁਜਾਰੀ ਨੇ ਅਜਿਹੀ ਗੱਲ ਨਹੀਂ ਕਹੀ। ਮੰਦਰ ਦੇ ਪੁਜਾਰੀਆਂ ਨੇ ਮਾਸਟਰ ਸਲੀਮ ਦੇ ਉਪਰੋਕਤ ਬਿਆਨ ‘ਤੇ ਚਿੰਤਾ ਪ੍ਰਗਟ ਕੀਤੀ ਹੈ।