ਜ਼ਿੰਦਗੀ ਵਿੱਚ ਅਧਿਆਪਕ ਦੀ ਮਹੱਤਤਾ ਨੂੰ ਯਾਦ ਦਿਵਾਉਣ ਲਈ ਹਰ ਸਾਲ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਅਧਿਆਪਕ ਦਿਵਸ ਹਰ ਸਾਲ 5 ਸਤੰਬਰ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ? ਆਓ ਜਾਣਦੇ ਹਾਂ... 5 ਸਤੰਬਰ ਨੂੰ ਦੇਸ਼ ਦੇ ਦੂਜੇ ਰਾਸ਼ਟਰਪਤੀ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਣਨ ਦਾ ਜਨਮ ਦਿਨ ਹੁੰਦਾ ਹੈ। ਉਹ ਦੇਸ਼ ਦੇ ਪਹਿਲੇ ਉਪ ਰਾਸ਼ਟਰਪਤੀ ਵੀ ਸਨ। ਉਨ੍ਹਾਂ ਨੇ ਪੜ੍ਹਾਈ ਨੂੰ ਬਹੁਤ ਅਹਿਮੀਅਤ ਦਿੱਤੀ ਅਤੇ ਪਰਿਵਾਰ ਵਿਰੁੱਧ ਜਾ ਕੇ ਪੜ੍ਹਾਈ ਕੀਤੀ। ਡਾਕਟਰ ਸਰਵਪੱਲੀ ਰਾਧਾਕ੍ਰਿਸ਼ਣਨ ਦਾ ਜਨਮ 5 ਸਤੰਬਰ 1888 ਨੂੰ ਹੋਇਆ ਸੀ। ਉਹ ਬਹੁਤ ਹੋਣਹਾਰ ਵਿਦਿਆਰਥੀ ਸਨ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਪਿਤਾ ਆਪਣੇ ਇਸ ਛੋਟੇ ਬੇਟੇ ਨੂੰ ਅੰਗਰੇਜ਼ੀ ਨਹੀਂ ਸਿੱਖਣ ਦੇਣਾ ਚਾਹੁੰਦੇ ਸਨ। ਉਹ ਚਾਹੁੰਦੇ ਸਨ ਕਿ ਰਾਧਾਕ੍ਰਿਸ਼ਣਨ ਮੰਦਰ ਦੇ ਪੁਜਾਰੀ ਬਣਨ ਪਰ ਉਹ ਨਹੀਂ ਰੁਕੇ ਅਤੇ ਉੱਚ ਪੱਧਰੀ ਸਿੱਖਿਆ ਹਾਸਲ ਕੀਤੀ।ਉਨ੍ਹਾਂ ਮੈਸੂਰ,ਕੋਲਕਾਤਾ, ਆਕਸਫੋਰਡ ਅਤੇ ਬਾਅਦ ਵਿੱਚ ਸ਼ਿਕਾਗੋ ਵਿੱਚ ਵੀ ਸਿੱਖਿਆ ਮਾਹਿਰ ਦੇ ਤੌਰ 'ਤੇ ਗਏ। ਡਾਕਟਰ ਸਰਵਪੱਲੀ ਰਾਧਾਕ੍ਰਿਸ਼ਣਨ ਨੂੰ ਬ੍ਰਿਟਿਸ਼ ਸਰਕਾਰ ਨੇ 'ਸਰ' ਦੀ ਉਪਾਧੀ ਨਾਲ ਸਨਮਾਨਤ ਕੀਤਾ। 1954 ਵਿੱਚ ਉਨ੍ਹਾਂ ਨੂੰ ਭਾਰਤ ਰਤਨ ਨਾਲ ਵੀ ਨਵਾਜਿਆ ਗਿਆ। 1962 ਵਿੱਚ ਭਾਰਤ ਸਰਕਾਰ ਨੇ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਣਨ ਦੇ ਜਨਮ ਦਿਨ ਨੂੰ ਅਧਿਆਪਕ ਦਿਵਸ ਦੇ ਤੌਰ ਉੱਤੇ ਮਨਾਉਣ ਦਾ ਐਲਾਨ ਕਰ ਦਿੱਤਾ।