ਸਰਦੀਆਂ 'ਚ ਵਾਲਾਂ ਦੇ ਰੁੱਖੇਪਣ ਤੇ ਵਾਲਾਂ ਦੇ ਝੜਨ ਜਿਹੀਆਂ ਸਮੱਸਿਆਵਾਂ ਆਉਂਦੀਆਂ ਹਨ, ਜੋ ਮੌਸਮ ਨਾਲ ਸਿੱਧੇ ਤੌਰ 'ਤੇ ਜੁੜੀਆਂ ਹੁੰਦੀਆਂ ਹਨ।



ਸਰਦੀਆਂ ਦੇ ਮੌਸਮ 'ਚ ਖੁਸ਼ਕੀ ਕਾਰਨ ਸਿੱਕਰੀ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਜਾਂਦੀ ਹੈ।



ਸਿੱਕਰੀ ਤੇ ਦੋਮੂੰਹੇ ਵਾਲਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਗਰਮ ਤੇਲ ਨਾਲ ਮਾਲਿਸ਼ ਕਾਫ਼ੀ ਲਾਭਦਾਇਕ ਸਾਬਤ ਹੁੰਦੀ ਹੈ।



ਹਫ਼ਤੇ 'ਚ ਇਕ ਜਾਂ ਦੋ ਵਾਰ ਸ਼ੁੱਧ ਨਾਰੀਅਲ ਤੇਲ ਨੂੰ ਗਰਮ ਕਰ ਕੇ ਇਸ ਨੂੰ ਸਿਰ ਤੇ ਖੋਪੜੀ 'ਤੇ ਲਾਓ। ਇਸ ਤੋਂ ਬਾਅਦ ਇਕ ਤੌਲੀਏ ਨੂੰ ਗਰਮ ਪਾਣੀ 'ਚ ਡੁਬੋ ਕੇ ਨਿਚੋੜ ਲਓ ਤੇ ਗਰਮ ਤੌਲੀਏ ਨੂੰ 5 ਮਿੰਟ ਤਕ ਸਿਰ 'ਤੇ ਬੰਨ੍ਹ ਲਓ।



ਜੇ ਤੁਹਾਡੇ ਵਾਲਾਂ 'ਚ ਸਿੱਕਰੀ ਹੈ ਤਾਂ ਅਗਲੀ ਸਵੇਰ ਵਾਲਾਂ ਤੇ ਖੋਪੜੀ 'ਚ ਨਿੰਬੂ ਦਾ ਜੂਸ ਲਾ ਕੇ 15 ਮਿੰਟ ਬਾਅਦ ਵਾਲਾਂ ਨੂੰ ਧੋ ਲਓ।



ਵਾਲਾਂ ਨੂੰ ਧੋਣ ਲਈ ਕੋਸੇ ਪਾਣੀ ਦੀ ਹੀ ਵਰਤੋਂ ਕਰੋ ਤੇ ਤੇਜ਼ ਗਰਮ ਪਾਣੀ ਦੀ ਵਰਤੋਂ ਕਦੇ ਨਾ ਕਰੋ।



ਸੈਂਪੂ ਤੋਂ ਬਾਅਦ ਪਾਣੀ ਵਾਲੇ ਮੱਘ 'ਚ ਦੋ ਚਮਚ ਸਿਰਕਾ ਪਾ ਕੇ ਵਾਲਾਂ ਨੂੰ ਚੰਗੀ ਤਰ੍ਹਾਂ ਧੋ ਲਵੋ



ਇਕ ਕੱਪ ਔਲਿਆਂ ਦਾ ਪਾਊਡਰ, ਦੋ ਚਮਚ ਅਰਿੰਡੀ ਦਾ ਤੇਲ ਤੇ ਇਕ ਅੰਡੇ ਨੂੰ ਫੈਂਟ ਕੇ ਮਿਸ਼ਰਣ ਬਣਾ ਕੇ ਇਸ ਨੂੰ ਸਿਰ ਤੇ ਵਾਲਾਂ 'ਤੇ ਅੱਧਾ ਘੰਟਾ ਲਾਉਣ ਤੋਂ ਬਾਅਦ ਵਾਲਾਂ ਨੂੰ ਕੋਸੇ ਪਾਣੀ ਨਾਲ ਧੋ ਲਓ।