ਡੋਨਾਲਡ ਟਰੰਪ ਨੇ ਪਰਵਾਸੀਆਂ ਲਈ ਵੀ ਸਖਤ ਨਿਯਮ ਲਾਗੂ ਕਰਨੇ ਸ਼ੁਰੂ ਕਰ ਦਿੱਤੇ ਹਨ ਜਿਸ ਨਾਲ ਲੱਖਾਂ ਭਾਰਤੀਆਂ ਦਾ ਭਵਿੱਖ ਦਾਅ ਉਪਰ ਲੱਗ ਸਕਦਾ ਹੈ।

ਅਮਰੀਕਾ ਨੇ ਪਹਿਲਾਂ ਹੀ ਪਰਵਾਸ ਕਾਨੂੰਨ ਸਖਤ ਕੀਤੇ ਹਨ। ਇਸ ਲਈ ਬਹੁਤੇ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਡੌਂਕੀ ਰਾਹੀ ਅਮਰੀਕਾ ਵਿੱਚ ਦਾਖਲ ਹੁੰਦੇ ਹਨ।



ਫਿਰ ਆਪਣੀ ਜਾਨ ਨੂੰ ਖਤਰਾ ਦੱਸ ਸ਼ਰਨ ਦੀ ਮੰਗ ਕਰਦੇ ਹਨ। ਇਹ ਤਰੀਕਾ ਪੰਜਾਬ ਤੇ ਹਰਿਆਣਾ ਦੇ ਨੌਜਵਾਨ ਆਮ ਹੀ ਅਪਣਾਉਂਦੇ ਹਨ।



ਇਸ ਵੇਲੇ ਹਜ਼ਾਰਾਂ ਪੰਜਾਬੀਆਂ ਨੇ ਸ਼ਰਨ ਲਈ ਅਰਜ਼ੀਆਂ ਲਾਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਅਜਿਹੀਆਂ ਬਹੁਤੀਆਂ ਅਰਜ਼ੀਆਂ ਰੱਦ ਕੀਤੀਆਂ ਜਾਣਗੀਆਂ ਤੇ ਹੋਰ ਅਰਜ਼ੀਆਂ ਮਨਜ਼ੂਰ ਨਹੀਂ ਕੀਤੀਆਂ ਜਾਣਗੀਆਂ।

ਇੰਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਟਰੰਪ-2 ਸਰਕਾਰ ਦਾ ਪਹਿਲਾ ਵੱਡਾ ਐਲਾਨ ਪੰਜਾਬ ਤੇ ਹਰਿਆਣਾ ਦੇ ਲੱਖਾਂ ਨੌਜਵਾਨਾਂ 'ਤੇ ਸਿੱਧਾ ਹਮਲਾ ਹੈ।



ਪੰਜਾਬ ਤੇ ਹਰਿਆਣਾ ਦੇ ਲਗਪਗ ਦੋ ਲੱਖ ਨੌਜਵਾਨ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਤੋਂ ਬਾਅਦ ਅਮਰੀਕਾ ਵਿੱਚ ਸ਼ਰਨ ਲੈਣ ਦੀ ਉਡੀਕ ਕਰ ਰਹੇ ਹਨ।

ਸਰਕਾਰ ਨੇ ਸ਼ਰਨਾਰਥੀ ਐਪ ਨੂੰ ਵੀ ਬੰਦ ਕਰ ਦਿੱਤਾ ਹੈ, ਜਿਸ ਵਿੱਚ 30,000 ਅਰਜ਼ੀਆਂ ਆਪਣੀ ਵਾਰੀ ਦੀ ਉਡੀਕ ਕਰ ਰਹੀਆਂ ਸਨ।



ਅਮਰੀਕੀ ਸਰਕਾਰ ਅੰਕੜਿਆਂ ਅਨੁਸਾਰ, 2018-19 ਵਿੱਚ ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ 8097 ਸੀ

ਜੋ 2022-23 ਵਿੱਚ ਵੱਧ ਕੇ 96,917 ਹੋ ਗਈ। 2023-24 ਵਿੱਚ ਇਹ ਅੰਕੜਾ 1.25 ਲੱਖ ਦੇ ਨੇੜੇ ਪਹੁੰਚ ਗਿਆ।



ਏਜੰਟ ਨੌਜਵਾਨਾਂ ਨੂੰ ਪਹਿਲਾਂ ਦੁਬਈ ਤੇ ਫਿਰ ਕਜ਼ਾਕਿਸਤਾਨ ਦੇ ਅਲਮਾਟੀ ਭੇਜਦੇ ਹਨ। ਉੱਥੋਂ ਤੁਰਕੀ ਭੇਜਦੇ ਹਨ ਤੇ ਇੱਥੋਂ ਉਹ ਪਨਾਮਾ ਸਿਟੀ ਰਾਹੀਂ ਤੇ ਫਿਰ ਸੈਲਵਾਡੋਰ ਤੇ ਉੱਤਰੀ ਗੁਆਟੇਮਾਲਾ ਰਾਹੀਂ ਅਮਰੀਕਾ ਵਿੱਚ ਦਾਖਲ ਐਂਟਰ ਕਰਵਾ ਦਿੰਦੇ ਹਨ।