ਪਟਾਕਾ ਫੈਕਟਰੀ ਨੂੰ ਲੱਗੀ ਅੱਗ, 47 ਹਲਾਕ
ਚਸ਼ਮਦੀਦਾਂ ਵਿੱਚੋਂ ਇੱਕ ਨੇ ਦੱਸਿਆ ਕਿ ਪੁਲਿਸ ਤੇ ਸਥਾਨਕ ਵਾਸੀਆਂ ਨੇ ਫੈਕਟਰੀ ਦੀ ਇੱਕ ਕੰਧ ਤੋੜ ਕੇ ਅੰਦਰ ਫਸੇ ਲੋਕਾਂ ਨੂੰ ਕੱਢਿਆ। ਕਈ ਕਰਮਚਾਰੀਆਂ ਨੂੰ ਤਾਂ ਅੱਗ ਵੀ ਲੱਗੀ ਹੋਈ ਸੀ ਤੇ ਉਹ ਜਾਣ ਬਚਾਉਣ ਲਈ ਉਸੇ ਤਰ੍ਹਾਂ ਹੀ ਇਮਾਰਤ ਵਿੱਚੋਂ ਬਾਹਰ ਭੱਜ ਰਹੇ ਸਨ।
ਜਕਾਰਤਾ ਪੁਲਿਸ ਦੇ ਜਨਰਲ ਕ੍ਰਾਈਮਜ਼ ਡਾਇਰੈਕਟਰ ਨਿਕੋ ਅਫਿੰਟਾ ਨੇ ਆਖਿਆ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਵੀ ਸਕਦੀ ਹੈ ਕਿਉਂਕਿ ਜ਼ਖ਼ਮੀਆਂ ਵਿੱਚੋਂ ਵੀ ਕਈਆਂ ਦੀ ਹਾਲਤ ਕਾਫੀ ਨਾਜ਼ੁਕ ਹੈ। ਉਨ੍ਹਾਂ ਦੱਸਿਆ ਕਿ ਫੈਕਟਰੀ ਵਿੱਚ 100 ਤੋਂ ਵੱਧ ਕਰਮਚਾਰੀ ਕੰਮ ਕਰਦੇ ਸਨ। ਅੱਗ ਜੋ਼ਰਦਾਰ ਧਮਾਕੇ ਤੋਂ ਬਾਅਦ ਲੱਗੀ।
ਜਕਾਰਤਾ ਦੀ ਸੈਟੇਲਾਈਟ ਸਿਟੀ ਟੈਂਗਰੰਗ ਵਿੱਚ ਪੁਲਿਸ ਮੁਖੀ ਹੈਰੀ ਕੁਰਨੀਆਵਾਨ ਨੇ ਦੱਸਿਆ ਕਿ ਹੁਣ ਤੱਕ ਜਿੰਨੀਆਂ ਵੀ ਲਾਸ਼ਾਂ ਮਿਲੀਆਂ ਹਨ ਉਹ ਫੈਕਟਰੀ ਦੇ ਮਲਬੇ ਵਿੱਚੋਂ ਹੀ ਮਿਲੀਆਂ ਹਨ ਤੇ ਅਜੇ ਹੋਰ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।
ਚਸ਼ਮਦੀਦਾਂ ਅਨੁਸਾਰ ਵੀਰਵਾਰ ਸਵੇਰੇ 10:00 ਵਜੇ ਫੈਕਟਰੀ ਵਿੱਚੋਂ ਜ਼ੋਰਦਾਰ ਧਮਾਕਾ ਸੁਣਾਈ ਦਿੱਤਾ। ਫਿਰ ਉਸ ਤੋਂ ਬਾਅਦ ਨਿੱਕੇ ਨਿੱਕੇ ਧਮਾਕੇ ਹੋਣ ਲੱਗੇ। ਅੱਗ ਦੀਆਂ ਲਪਟਾਂ ਵੀ ਇਮਾਰਤ ਵਿੱਚੋਂ ਨਿਕਲ ਰਹੀਆਂ ਸਨ ਤੇ ਧੂੰਏ ਦਾ ਕਾਲਾ ਬੱਦਲ ਵੀ ਚਾਰੇ ਪਾਸੇ ਛਾ ਗਿਆ।
ਟੈਂਗੇਰੰਗ, ਇੰਡੋਨੇਸ਼ੀਆ : ਇੰਡੋਨੇਸ਼ੀਆ ਦੀ ਰਾਜਧਾਨੀ ਦੇ ਨੇੜੇ ਇੱਕ ਪਟਾਕਿਆਂ ਦੀ ਫੈਕਟਰੀ ਵਿੱਚ ਧਮਾਕਾ ਹੋਣ ਮਗਰੋਂ ਅੱਗ ਲੱਗ ਜਾਣ ਕਾਰਨ 47 ਵਿਅਕਤੀ ਮਾਰੇ ਗਏ। ਮਰਨ ਵਾਲਿਆਂ ਵਿੱਚ ਵਧੇਰੇ ਕਰਕੇ ਮਹਿਲਾ ਕਰਮਚਾਰੀ ਸ਼ਾਮਲ ਸਨ। ਇਸ ਹਾਦਸੇ ਵਿੱਚ ਕਈ ਦਰਜਨ ਲੋਕ ਜ਼ਖ਼ਮੀ ਵੀ ਹੋ ਗਏ।