ਈਰਾਨ 'ਚ 12 ਮਾਡਲਾਂ ਨੂੰ ਕਿਉਂ ਹੋਈ 6 ਸਾਲ ਦੀ ਸਜ਼ਾ ਜਾਣੋ
ਈਰਾਨੀ ਨਿਊਜ਼ ਏਜੰਸੀ ਇਲਨਾ ਮੁਤਾਬਕ ਮਾਮਲਾ ਸ਼ਿਰਾਜ ਸ਼ਹਿਰ ਦਾ ਹੈ, ਜਿਥੇ ਅਦਾਲਤ ਨੇ 6 ਮਹਿਲਾ ਮਾਡਲਾਂ ਅਤੇ 4 ਮਰਦ ਮਾਡਲਾਂ ਨੂੰ ਸਜ਼ਾ ਸੁਣਾਈ ਹੈ। ਅਦਾਲਤ ਨੇ ਕਿਹਾ ਕਿ ਇਹ ਘੱਟ ਕਪੜੇ ਪਹਿਨ ਕੇ ਪਛਮੀ ਸਭਿਆਚਾਰ ਨੂੰ ਵਧਾ ਰਹੇ ਹਨ ਅਤੇ ਇਹ ਇਸਲਾਮ ਵਿਰੋਧੀ ਹੈ। ਇਹ ਲੋਕ ਦੋ ਸਾਲਾਂ ਤਕ ਫੈਸ਼ਨ, ਫ਼ੋਟੋਗ੍ਰਾਫੀ, ਸਿਵਿਲ ਸੇਵਾਵਾਂ ਵਿਚ ਕੰਮ ਨਹੀਂ ਕਰ ਸਕਦੇ।
ਤਹਿਰਾਨ : ਈਰਾਨ ਦੀ ਇਕ ਅਦਾਲਤ ਨੇ 12 ਮਾਡਲਾਂ ਨੂੰ 6 ਸਾਲਾਂ ਦੀ ਸਜ਼ਾ ਸੁਣਾਈ ਹੈ। ਇਨ੍ਹਾਂ 'ਚ ਫੈਸ਼ਨ ਬਲਾਗਰ ਵੀ ਸ਼ਾਮਲ ਹਨ। ਇਨ੍ਹਾਂ 'ਤੇ ਪਛਮੀ ਸਭਿਆਚਾਰ ਨੂੰ ਵਧਾਉਣ ਲਈ ਦੋਸ਼ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਇਨ੍ਹਾਂ ਦੀ ਫੈਸ਼ਨ ਇੰਡਸਟਰੀ ਵਿਚ ਕੰਮ ਕਰਨ 'ਤੇ ਵੀ ਬੈਨ ਲਗਾ ਦਿਤਾ ਗਿਆ ਹੈ। ਸਾਲ ਦੀ ਸ਼ੁਰੂਆਤ 'ਚ ਹੀ ਇਨ੍ਹਾਂ ਮਾਡਲਾਂ ਨੂੰ ਆਨਲਾਈਨ ਗਲੈਮਰਸ ਤਸਵੀਰਾਂ ਪੋਸਟ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਤਹਿਰਾਨ ਦੇ ਮਾਡਲਿੰਗ ਨੈਟਵਰਕ ਦੀਆਂ 8 ਮਾਡਲਾਂ ਨੂੰ ਇਸ ਸਾਲ ਮਈ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। 21 ਹੋਰਾਂ ਵਿਰੁਧ ਵੀ ਮੁਕੱਦਮੇ ਦਰਜ ਹਨ। ਬਿਨਾਂ ਹਿਜਾਬ ਦੇ ਤਸਵੀਰਾਂ ਸਾਂਝੀਆਂ ਕਰਨ ਵਾਲੀਆਂ ਵਿਰੁਧ ਵੀ ਕਾਰਵਾਈ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ 1979 ਦੀ ਇਸਲਾਮਿਕ ਕ੍ਰਾਂਤੀ ਤੋਂ ਬਾਅਦ ਇਥੇ ਔਰਤਾਂ ਦਾ ਹਿਜਬ ਪਹਿਨਣਾ ਲਾਜ਼ਮੀ ਹੈ।