ਅਮਰੀਕਾ 'ਚ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ, ਸਿੱਖਾਂ ਦੀ ਨਿਵੇਕਲੀ ਪਛਾਣ ਰਹੀ ਖਿੱਚ ਦਾ ਕੇਂਦਰ
ਇਹ ਪਰੇਡ ਅਮਰੀਕਾ ਦੀਆਂ ਸਭ ਤੋਂ ਵੱਡੀਆਂ ਪਰੇਡਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਇਸ ਵਿਚ ਤਕਰੀਬਨ 2500 ਲੋਕ, 300 ਗੱਡੀਆਂ ਤੇ 120 ਸਥਾਨਕ ਸੰਸਥਾਵਾਂ ਹਿੱਸਾ ਲੈਂਦੀਆਂ ਹਨ।
ਅਮਰੀਕਾ 'ਚ ਸਤੰਬਰ 2001 ਦੇ ਹਮਲੇ ਤੋਂ ਬਾਅਦ ਸਿੱਖਾਂ ਨੂੰ ਬਹੁਤ ਸਾਰੇ ਨਸਲੀ ਹਮਲਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਇਸ ਲਈ ਇਹ ਹੋਰ ਵੀ ਜ਼ਰੂਰੀ ਹੋ ਗਿਆ ਹੈ ਕਿ ਅਸੀਂ ਇਨ੍ਹਾਂ ਪ੍ਰੋਗਰਾਮਾਂ 'ਚ ਹਿੱਸਾ ਲਈਏ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਸਿੱਖਾਂ ਬਾਰੇ ਪਤਾ ਲੱਗ ਸਕੇ।
ਅਵਤਾਰ ਸਿੰਘ ਦਾ ਕਹਿਣਾ ਹੈ ਕਿ ਉਹ ਪਹਿਲੀ ਵਾਰ 1999 ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਨੂੰ ਇਸ ਕਮਿਉਨਟੀ ਦਾ ਹਿੱਸਾ ਹੋਣ ਤੇ ਮਾਣ ਹੈ।
ਜਦੋਂ ਪਰੇਡ ਬਾਜ਼ਾਰਾਂ ਵਿੱਚੋਂ ਲੰਘੀ ਤਾਂ ਨਿਵੇਕਲੀ ਪਛਾਣ ਕਰਕੇ ਸੜਕ ਕੰਢੇ ਖੜ੍ਹੇ ਲੋਕਾਂ ਨੇ ਉਨ੍ਹਾਂ ਦਾ ਹੱਥ ਹਿਲਾ ਕੇ ਨਿੱਘਾ ਸੁਆਗਤ ਕੀਤਾ। ਕਈ ਲੋਕਾਂ ਨੇ ਸਿੱਖਾਂ ਨੂੰ ਮਿਸਟਰ ਸਿੰਘ, ਹੈਪੀ ਮੈਮੋਰੀਅਲ ਡੇਅ ਕਹਿ ਕੇ ਵਧਾਈ ਵੀ ਦਿੱਤੀ।
ਪਰੇਡ ਵਿੱਚ ਅਮਰੀਕੀ ਝੰਡਿਆਂ, ਬੈਨਰਾਂ, ਪੋਸਟਰਾਂ ਨਾਲ ਸਜਾਏ ਗਏ ਸਿਖ ਫਲੋਟ ਵਿੱਚ ਵਿਸ਼ਵ ਯੁੱਧਾਂ ਦੌਰਾਨ ਸ਼ਹੀਦ ਹੋਏ ਸਿਖ ਫੌਜੀਆਂ ਬਾਰੇ ਜਾਣਕਾਰੀ ਦਿੱਤੀ ਗਈ। ਇਹ ਫਲੋਟ 'ਚ ਅਮਰੀਕੀ ਸਿੱਖਾਂ ਵੱਲੋਂ ਮੈਮੋਰੀਅਲ ਡੇਅ 'ਤੇ ਸ਼ੁਭ ਕਾਮਨਾਵਾਂ ਭੇਟ ਕੀਤੀਆਂ ਗਈਆਂ ਸਨ।
ਵੱਖ-ਵੱਖ ਵਿਭਾਗ, ਜਥੇਬੰਦੀਆਂ, ਵਿਦਿਅਕ ਤੇ ਧਾਰਮਿਕ ਅਦਾਰਿਆਂ ਦੀਆਂ ਝਲਕੀਆਂ ਪਰੇਡ ਦੀ ਵਿਸ਼ੇਸ਼ ਖਿੱਚ ਸਨ। ਇਸ ਪਰੇਡ ਵਿੱਚ ਇੱਥੋਂ ਦੇ ਸ਼ਹੀਦਾਂ ਦੀਆਂ ਤਸਵੀਰਾਂ ਨੂੰ ਪੋਸਟਰਾਂ 'ਤੇ ਲਾ ਕੇ ਉਨ੍ਹਾਂ ਨੂੰ ਯਾਦ ਕੀਤਾ ਗਿਆ।
ਵਿਸ਼ਵ ਜੰਗ ਦੇ ਸ਼ਹੀਦ ਫੌਜੀਆਂ ਨੂੰ ਯਾਦ ਕਰਨ ਲਈ ਅਮਰੀਕਾ ਵਿੱਚ ਹਰ ਸਾਲ ਮੈਮੋਰੀਅਲ ਡੇਅ ਮਨਾਇਆ ਜਾਂਦਾ ਹੈ। ਇਸ ਦਿਨ ਕੌਮੀ ਛੁੱਟੀ ਹੁੰਦੀ ਹੈ। ਅਮਰੀਕਾ ਦੇ ਹੋਰਨਾਂ ਸ਼ਹਿਰਾਂ ਵਾਂਗ ਓਹਾਇਹੋ ਸੂਬੇ ਦੇ ਸ਼ਹਿਰ ਸਪਰਿੰਗਫੀਲਡ ਵਿੱਚ ਵੀ ਮੈਮੋਰੀਅਲ ਡੇਅ ਮਨਾਇਆ ਗਿਆ।