ਕਿਸਾਨ ਹੋਏ ਬਾਗੀ, ਸ਼ਰੇਆਮ ਪਰਾਲੀ ਸਾੜੀ
ਮਾਨਸਾ: ਪੰਜਾਬ ਸਰਕਾਰ ਦੇ ਪਰਾਲ਼ੀ ਨਾ ਸਾੜਨ ਦੇ ਫ਼ੈਸਲੇ ਤੋਂ ਨਾਰਾਜ਼ ਪਿੰਡ ਭੈਣੀ ਬਾਘਾ ਦੇ ਕਿਸਾਨਾਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਾ ਦਿੱਤੀ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਪਿੰਡ ਇਕਾਈ ਆਗੂਆਂ ਤੇ ਬਲਾਕ ਪ੍ਰਧਾਨ ਬਲਵਿੰਦਰ ਸ਼ਰਮਾ ਖਿਆਲਾਂ ਦੀ ਅਗਵਾਈ ਹੇਠ ਰੈਲੀ ਕਰਕੇ ਸਾਰੇ ਕਿਸਾਨਾਂ ਦੀ ਸਹਿਮਤੀ ਨਾਲ ਤਕਰੀਬਨ ਦੋ ਏਕੜ ਪਰਾਲ਼ੀ ਨੂੰ ਅੱਗ ਲਾ ਦਿੱਤੀ।
ਜਥੇਬੰਦੀ ਦੇ ਜ਼ਿਲ੍ਹਾ ਸਕੱਤਰ ਮਹਿੰਦਰ ਸਿੰਘ ਭੈਣੀ ਬਾਘਾ ਨੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਪਰਾਲ਼ੀ ਨੂੰ ਅੱਗ ਨਾ ਲਾਉਣ ਦੇ ਫ਼ੈਸਲੇ ਤੋਂ ਇਲਾਵਾ ਕੋਈ ਠੋਸ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਨੂੰ ਪਰਾਲ਼ੀ ਅੱਗ ਹਵਾਲੇ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਦਾ। ਉਨ੍ਹਾਂ ਕਿਹਾ ਕਿ ਸਰਕਾਰ ਗਰੀਨ ਟ੍ਰਿਬਿਊਨਲ ਦੇ ਨਾਮ ਉੱਤੇ ਕਿਸਾਨਾਂ ਨੂੰ ਡਰੀ ਰਹੀ ਹੈ ਜਿਸ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਨੇ ਕੱਲ੍ਹ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ ਬਰਸੀ ਮੌਕੇ ਪਰਾਲੀ ਸਾੜੀ ਐਲਾਨ ਕੀਤਾ ਹੈ।
ਆਗੂਆਂ ਨੇ ਕਿਹਾ ਹਰ ਪਿੰਡ ਪਿੰਡ ਜਥੇਬੰਦੀਆਂ ਕਿਸਾਨਾਂ ਨਾਲ ਖੜਕੇ ਪਰਾਲੀ ਨੂੰ ਅੱਗ ਲਵਾਈ ਜਾਵੇਗੀ। ਪੰਜਾਬ ਦੀਆ 7 ਕਿਸਾਨ ਜਥੇਬੰਦੀਆਂ ਦੇ ਸਾਂਝੇ ਐਲਾਨ ਤਹਿਤ ਪਰਾਲ਼ੀ ਸਾੜਨ ਦੇ ਮੁੱਦੇ ਤੇ ਕਿਸਾਨਾਂ ਨਾਲ ਖੜੀਆਂ ਹਨ।