ਪਰਾਲ਼ੀ ਦੇ ਮੁੱਦੇ 'ਤੇ ਕਿਸਾਨਾਂ ਨੇ ਕੀਤਾ ਰੇਲਾਂ ਦਾ ਚੱਕਾ ਜਾਮ, ਦੇਖੋ ਤਸਵੀਰਾਂ
ਇਸ ਸਬੰਧੀ ਏਡੀਆਰਐਮ ਫਿਰੋਜ਼ਪੁਰ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਕੀਤੇ ਗਏ ਟਰੈਕ ਜਾਮ ਕਾਰਨ 9 ਰੇਲਾਂ ਪ੍ਰਭਾਵਿਤ ਹੋਈਆਂ, ਜਦਕਿ 5 ਨੂੰ ਰੱਦ ਤੇ 4 ਸ਼ਾਰਟ ਟਰਮੀਨੇਟ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਟਰੈਕ ਜਾਮ ਕਾਰਨ ਫਿਰੋਜ਼ਪੁਰ, ਫਾਜ਼ਿਲਕਾ ਤੇ ਫਿਰੋਜ਼ਪੁਰ ਤੋਂ ਅੰਮ੍ਰਿਤਸਰ ਤੇ ਫਿਰੋਜ਼ਪੁਰ ਤੋਂ ਜਲੰਧਰ ਰੂਟ ਪ੍ਰਭਾਵਿਤ ਹੋਏ।
ਜਿਸ ਕਾਰਨ ਜਿੱਥੇ ਯਾਤਰੀਆਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ, ਉੱਥੇ ਹੀ ਰੇਲਵੇ ਨੂੰ ਵੀ ਚੋਖਾ ਘਾਟਾ ਪਿਆ। ਇਸ ਮੌਕੇ ਕਿਸਾਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਉਨ੍ਹਾਂ ਨੂੰ ਨਿਆਂ ਨਾ ਮਿਲਿਆ ਤਾਂ ਇਸ ਤੋਂ ਅਗਲੇ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਵੇਗੀ।
ਯਾਤਰੀਆਂ ਨੇ ਕਿਹਾ ਕਿ ਜੇ ਵਾਅਦੇ ਪੂਰੇ ਨਹੀਂ ਹੋ ਸਕਦੇ ਤਾਂ ਸਰਕਾਰਾਂ ਨੂੰ ਝੂਠੇ ਸੁਪਣੇ ਵਿਖਾਉਣ ਦੀ ਕੋਈ ਵੀ ਹੱਕ ਨਹੀਂ ਹੈ।
ਧਰਨਿਆਂ ਤੋਂ ਪ੍ਰੇਸ਼ਾਨ ਆਮ ਲੋਕਾਂ ਨੇ ਵੀ ਕਿਸਾਨਾਂ ਦੀ ਹਾਂ ਦੇ ਵਿੱਚ ਹਾਂ ਮਿਲਾਉਂਦਿਆ ਸਰਕਾਰ ਨੂੰ ਕੋਸਿਆ। ਲੋਕਾਂ ਨੇ ਵੀ ਕਿਹਾ ਕਿ ਜੇ ਕਿਸਾਨਾਂ ਨਾਲ ਕੀਤੇ ਵਾਅਦੇ ਸਰਕਾਰਾਂ ਪੂਰੀਆਂ ਕਰ ਦਿੰਦੀਆਂ ਤਾਂ ਨਾ ਤਾਂ ਕਿਸਾਨ ਧਰਨੇ ਦੇਣ ਵਾਸਤੇ ਮਜਬੂਰ ਹੁੰਦੇ ਤੇ ਨਾ ਹੀ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ।
ਪੰਜਾਬ ਸਰਕਾਰ ਵਿਰੁੱਧ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਚੋਣਾਂ ਦੌਰਾਨ ਵੱਡੇ ਚੋਣ ਵਾਅਦੇ ਕਰਕੇ ਕਾਂਗਰਸ ਨੇ ਇੱਕ ਵਾਰ ਫਿਰ ਕਿਸਾਨ ਤੇ ਪੰਜਾਬ ਵਿਰੋਧੀ ਚਿਹਰਾ ਨੰਗਾ ਕਰ ਲਿਆ ਹੈ। ਕਾਂਗਰਸ ਸਰਕਾਰ ਚੋਣਾਂ ਦੌਰਾਨ ਕੀਤੇ ਵਾਅਦੇ ਪੁਗਾਉਣ ਦੀ ਬਜਾਏ ਕਿਸਾਨ ਵਿਰੋਧੀ ਨੀਤੀਆਂ ਘੜ ਰਹੀ ਹੈ ਜਿਸ ਦਾ ਉਹ ਡਟਵਾਂ ਵਿਰੋਧ ਕਰਨਗੇ।
ਇਸ ਦੌਰਾਨ ਕਿਸਾਨਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਕਿਸਾਨਾਂ ਦੇ ਰੇਲ ਟਰੈਕ 'ਤੇ ਖੜ੍ਹ ਕੇ ਇਸ ਤਰ੍ਹਾਂ ਨਾਅਰੇਬਾਜ਼ੀ ਕਰਨ ਨਾਲ ਜਿੱਥੇ ਰੇਲਾਂ ਵਿੱਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਪ੍ਰੇਸ਼ਾਨੀ ਹੋਈ, ਉੱਥੇ ਜ਼ਿਆਦਾ ਭੀੜ ਰਹਿਣ ਕਰਕੇ ਸੜਕੀ ਆਵਾਜ਼ਾਈ ਨੂੰ ਵੀ ਸੇਕ ਲੱਗਾ।
ਇਸ ਤਹਿਤ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਿਸਾਨਾਂ ਨੇ ਰੇਲਵੇ ਸਟੇਸ਼ਨਾਂ ’ਤੇ ਰੇਲਾਂ ਰੋਕੀਆਂ।
ਪੰਜਾਬ ਤੇ ਕੇਂਦਰ ਸਰਕਾਰ ਦੀਆਂ ਕਿਸਾਨੀ ਵਿਰੋਧੀ ਨੀਤੀਆਂ ਤੇ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਵਿਰੁੱਧ ਦਰਜ ਕੀਤੇ ਜਾ ਰਹੇ ਮੁਕੱਦਮਿਆਂ ਦੇ ਵਿਰੋਧ ਵਿੱਚ ਅੱਜ ਪੂਰੇ ਪੰਜਾਬ ਵਿੱਚ ਕਿਸਾਨਾਂ ਵੱਲੋਂ ਰੇਲ ਰੋਕੂ ਅੰਦੋਲਨ ਕੀਤਾ ਗਿਆ।