ਅਫ਼ਗਾਨਿਸਤਾਨ 'ਚ ਅਨਾਰ ਹੋਇਆ ਬਿਮਾਰ, ਕਿਸਾਨਾਂ 'ਤੇ ਪਈ ਮਾਰ
ਕੰਧਾਰੀ ਅਨਾਰ ਅਤੇ ਅੰਗੂਰ ਪੂਰੀ ਦੁਨੀਆ ’ਚ ਮਸ਼ਹੂਰ ਹਨ ਪਰ ਕੋਈ ਬੰਦਰਗਾਹ ਅਤੇ ਵਧੀਆ ਹਵਾਈ ਸੰਪਰਕ ਨਾ ਹੋਣ ਕਰ ਕੇ ਉਸ ਨੂੰ ਇਸ ਦਾ ਖ਼ਮਿਆਜ਼ਾ ਭੁਗਤਣਾ ਪੈ ਰਿਹਾ ਹੈ। ਇਸ ਦੇ ਨਾਲ ਪਾਕਿਸਤਾਨ ਵੱਲੋਂ ਜ਼ਿਆਦਾਤਰ ਆਪਣੀ ਸਰਹੱਦ ਬੰਦ ਰੱਖੇ ਜਾਣ ਕਰ ਕੇ ਵੀ ਉਸ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ।
ਅਫ਼ਗਾਨਿਸਤਾਨ ਦੇ ਖੇਤੀਬਾੜੀ ਮੰਤਰੀ ਅਸਦਉੱਲ੍ਹਾ ਜ਼ੈਮੀਰ ਨੇ ਦੋਸ਼ ਲਾਇਆ ਕਿ ਪਾਕਿਸਤਾਨ ਨੇ ਸੁਰੱਖਿਆ ਦਾ ਹਵਾਲਾ ਦੇ ਕੇ ਉਨ੍ਹਾਂ ਦੀ ਬਰਾਮਦਗੀ ਨੂੰ ਨੁਕਸਾਨ ਪਹੁੰਚਾਉਣ ਦਾ ਤਹੱਈਆ ਕੀਤਾ ਹੋਇਆ ਹੈ।
ਪਾਕਿਸਤਾਨ ਨੇ ਪਿਛਲੇ ਸਾਲ ਜੂਨ ’ਚ ਐਲਾਨ ਕੀਤਾ ਸੀ ਕਿ ਉਹ ਅਫ਼ਗਾਨਿਸਤਾਨ ਨਾਲ ਲਗਦੀ 2600 ਕਿਲੋਮੀਟਰ ਸਰਹੱਦ ’ਤੇ ਹੋਰ ਨਾਕੇ ਅਤੇ ਤਾਰ ਲਾਏਗਾ ਤਾਂ ਜੋ ਦਹਿਸ਼ਤਗਰਦਾਂ ਦੀ ਆਮਦ ਨੂੰ ਰੋਕਿਆ ਜਾ ਸਕੇ।
ਨਵੀਂ ਦਿੱਲੀ: ਅਫ਼ਗਾਨਿਸਤਾਨ ਵੱਲੋਂ ਆਪਣੇ ਕਿਸਾਨਾਂ ਨੂੰ ਅਫ਼ੀਮ ਦੀ ਖੇਤੀ ਤੋਂ ਤੌਬਾ ਕਰਾਉਣ ਲਈ ਸ਼ੁਰੂ ਕੀਤੀ ਗਈ ਫਲਾਂ ਦੀ ਖੇਤੀ ਦੀ ਯੋਜਨਾ ਨੂੰ ਬੂਰ ਪੈਂਦਾ ਨਹੀਂ ਦਿਖਾਈ ਦੇ ਰਿਹਾ। ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦਰਮਿਆਨ ਰਿਸ਼ਤਿਆਂ ’ਚ ਤਰੇੜ ਕਰ ਕੇ ਫਲਾਂ ਦੀ ਬਰਾਮਦਗੀ ਨੂੰ ਹੁਲਾਰਾ ਨਹੀਂ ਮਿਲ ਰਿਹਾ।
ਪਿਛਲੇ ਸਾਲ ਸਰਹੱਦੀ ਨਗਰਾਂ ’ਚ ਟਰੱਕਾਂ ਦੀਆਂ ਲੰਮੀਆਂ ਕਤਾਰਾਂ ਦੇਖੀਆਂ ਜਾ ਸਕਦੀਆਂ ਸਨ ਜਿਨ੍ਹਾਂ ’ਚ ਕਈ ਟਨ ਫਲ ਅਤੇ ਹੋਰ ਵਸਤਾਂ ਖ਼ਰਾਬ ਹੋ ਗਈਆਂ। ਕਿਸਾਨ ਫਲਾਂ ਦੀ ਵਿਕਰੀ ਨਾ ਹੋਣ ਕਰ ਕੇ ਮੁੜ ਤੋਂ ਅਫ਼ੀਮ ਦੀ ਖੇਤੀ ਦੇ ਰਾਹ ਪੈ ਗਏ।