ਚਿੱਟੀ ਮੱਖੀ ਨੂੰ ਨਾ ਰੋਕ ਸਕੀ ਕੈਪਟਨ ਦੀ ਫੌਜ, ਕਿਸਾਨ ਫਸਲਾਂ ਵਹੁਣ ਲੱਗੇ
ਕਿਸਾਨ ਦੇ ਖੇਤ ਵਿੱਚ ਇਕੱਠੇ ਹੋਏ ਲੋਕਾਂ ਨੇ ਖੇਤੀ ਵਿਭਾਗ ਨੂੰ ਮੌਕੇ 'ਤੇ ਬੁਲਾਇਆ ਪਰ ਫਿਰ ਵੀ ਅਧਿਕਾਰੀ ਨਹੀਂ ਪਹੁੰਚੇ। ਇਸ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਬਲਾਕ ਪ੍ਰਧਾਨ ਬਲਵਿੰਦਰ ਸ਼ਰਮਾ ਖ਼ਿਆਲਾਂ ਦੀ ਅਗਵਾਈ ਵਿੱਚ ਇਕੱਠੇ ਹੋਏ ਸੈਂਕੜੇ ਕਿਸਾਨਾਂ ਨੇ ਖੇਤੀ ਵਿਭਾਗ ਦੇ ਮੁਖੀ ਗੁਰਦਿੱਤ ਸਿੰਘ ਦਾ ਘਿਰਾਓ ਕੀਤਾ। ਕਿਸਾਨਾਂ ਨੇ ਗੁਰਦਿੱਤ ਸਿੰਘ ਤੇ ਕੈਪਟਨ ਸਰਕਾਰ ਖ਼ਿਲਾਫ਼ ਜੰਮ ਕੇ ਨਖ਼ਰੇਬਾਜ਼ੀ ਕੀਤੀ। ਕਿਸਾਨਾਂ ਮੁਤਾਬਕ ਫ਼ਸਲ 'ਤੇ ਚਿੱਟੀ ਮੱਖੀ ਨੇ ਹਮਲਾ ਕੀਤਾ ਹੋਇਆ ਹੈ। ਉਸ ਦੀ ਰੋਕਥਾਮ ਲਈ ਖੇਤੀਬਾੜੀ ਮਹਿਕਮਾ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।
ਕਿਸਾਨ ਆਗੂ ਗੋਰਾ ਸਿੰਘ ਭੈਣੀ ਬਾਘਾ ਮਹਿੰਦਰ ਸਿੰਘ ਦਿਆਲਪੁਰਾ ਮਹਿੰਦਰ ਸਿੰਘ ਭੈਣੀ ਬਾਘਾ ਨੇ ਇਲਜ਼ਾਮ ਲਾਇਆ ਖੇਤੀਬਾੜੀ ਮਹਿਕਮੇ ਨੇ ਕੀੜੇ ਮਾਰ ਦਵਾਈਆਂ ਦੇ ਸੈਂਪਲ ਭਰੇ ਸੀ। 34 ਸੈਂਪਲਾਂ ਵਿੱਚੋਂ 26 ਸੈਂਪਲ ਫ਼ੇਲ੍ਹ ਹੋ ਗਏ ਹਨ। ਕਿਹੜੀਆਂ ਦਵਾਈਆਂ ਦੇ ਸੈਂਪਲ ਫ਼ੇਲ੍ਹ ਹਨ ਜੋ ਕਿਸਾਨਾਂ ਨੂੰ ਨਹੀਂ ਵਰਤਣੀ ਚਾਹੀਦੀ ਦੀ ਲਿਸਟ ਜਾਰੀ ਨਹੀਂ ਕੀਤੀ ਗਈ। ਉਨ੍ਹਾਂ ਇਲਜ਼ਾਮ ਲਾਇਆ ਹੈ ਕਿ ਲਿਸਟ ਜਾਰੀ ਨਾ ਕਰਨ ਤੇ ਪੈਸਟੀਸਾਈਡ ਡੀਲਰਾਂ ਨਾਲ ਮਿਲੀਭੁਗਤ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਕਿਸਾਨਾਂ ਨੇ ਕਿਹਾ ਕਿ ਖੇਤੀ ਵਿਭਾਗ ਦਫ਼ਤਰ ਵੱਲੋਂ ਕੋਹਾਂ ਦੂਰ ਸਰਦੂਲਗੜ੍ਹ ਝੁਨੀਰ ਜਾ ਕੇ ਰੋਕਥਾਮ ਲਈ ਕੈਂਪ ਲਾਏ ਜਾ ਰਹੇ ਹਨ। ਖੇਤੀ ਵਿਭਾਗ ਦੇ ਦਫ਼ਤਰ ਕੋਲ ਤਿੰਨ ਚਾਰ ਸੌ ਏਕੜ ਰਕਬੇ ਵਿੱਚ ਚਿੱਟੀ ਮੱਖੀ ਤੇ ਭੂਰੀ ਜੂੰ ਦੇ ਹਮਲੇ ਕਰਕੇ ਕਿਸਾਨ ਨਰਮੇ ਦੀ ਫ਼ਸਲ ਵਹਾਉਣ ਲਈ ਮਜਬੂਰ ਹਨ।
ਮਾਨਸਾ: ਇੱਥੋਂ ਥੋੜ੍ਹੀ ਦੂਰ ਪਿੰਡ ਖ਼ਿਆਲਾਂ ਕਲਾ ਦੇ ਕਿਸਾਨ ਮਲਕੀਤ ਸਿੰਘ ਪੁੱਤਰ ਨਹਾਰ ਸਿੰਘ ਨੇ ਆਪਣੀ ਡੇਢ ਏਕੜ ਨਰਮੇ ਦੀ ਫ਼ਸਲ ਵਾਹ ਦਿੱਤੀ ਹੈ। ਕਿਸਾਨ ਨੇ ਖੇਤੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਦੋ ਦਿਨ ਪਹਿਲਾਂ ਲਿਖੀ ਦਵਾਈ ਦਾ ਛਿੜਕਾਅ ਕੀਤਾ ਗਿਆ ਸੀ ਪਰ ਉਸ ਨਾਲ ਵੀ ਚਿੱਟੀ ਮੱਖੀ 'ਤੇ ਕੋਈ ਅਸਰ ਨਹੀਂ ਹੋਇਆ। ਜਦੋਂ ਕੋਈ ਹੀਲਾ ਨਾ ਬਚਿਆ ਤਾਂ ਉਸ ਨੇ ਮਜਬੂਰਨ ਆਪਣੀ ਫ਼ਸਲ ਵਾਹ ਦਿੱਤੀ।
ਕਿਸਾਨ ਆਗੂ ਨੇ ਕਿਹਾ ਕਿ ਸਰਕਾਰਾਂ ਦੀਆ ਕਿਸਾਨ ਵਿਰੋਧੀ ਨੀਤੀਆਂ ਤੇ ਧਨਾਢ ਕੰਪਨੀਆਂ ਨਾਲ ਭਿਆਲੀ ਕਾਰਨ ਵਿਕਦੇ ਕੀਟਨਾਸ਼ਕਾਂ ਦਾ ਸਿੱਟਾ ਹੈ। ਇਸ ਕਾਰਨ ਚਿੱਟੀ ਮੱਖੀ ਦਾ ਹਮਲਾ ਰੁਕ ਨਹੀਂ ਰਿਹਾ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਇਸ ਮਸਲੇ ਦਾ ਹੱਲ ਨਹੀਂ ਕੀਤਾ ਗਿਆ ਤਾਂ 13 ਅਗਸਤ ਦੀ ਬਲਾਕ ਪੱਧਰੀ ਮੀਟਿੰਗ ਕਰ ਕੇ ਖੇਤੀ ਵਿਭਾਗ ਦੇ ਖ਼ਿਲਾਫ਼ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।