ਰਜਨੀਸ਼ ਦੇ ਖੋਤੇ ਦਾ 10 ਲੱਖ ਰੁਪਏ ਮੁੱਲ, ਰੋਜ਼ਾਨਾ 5 ਕਿਲੋ ਛੋਲੇ ਤੇ ਲੱਡੂ ਖੁਰਾਕ
ਚੰਡੀਗੜ੍ਹ: ਹਰਿਆਣਾ ਦੇ 10 ਕਰੋੜ ਰੁਪਏ ਦੇ ਝੋਟੇ ਯੁਵਰਾਜ ਨੂੰ ਲੈ ਕੇ ਬਹੁਤ ਚਰਚਾ ਰਹੀ ਹੈ। ਹੁਣ ਇੱਕ ਸੁਲਤਾਨ ਨਾਮ ਦੇ ਗਧੇ ਦੀ ਵਜ੍ਹਾ ਨਾਲ ਸੂਬਾ ਸੁਰਖ਼ੀਆਂ ਬਟੋਰ ਰਿਹਾ ਹੈ। ਸੋਨੀਪਤ ਦੇ ਪਿੰਡ ਨਿਆਬਾਸ ਵਿੱਚ ਪਸ਼ੂ ਪਾਲਕ ਰਜਨੀਸ਼ ਨੇ ਆਪਣੇ ਗਧੇ ਦਾ ਮੁੱਲ 10 ਲੱਖ ਰੁਪਏ ਰੱਖਿਆ ਹੈ ਜਦਕਿ ਵਪਾਰੀਆਂ ਨੇ ਪੰਜ ਲੱਖ ਮੁੱਲ ਲਾਇਆ ਹੈ।
ਰਜਨੀਸ਼ ਨੇ ਕਿਹਾ ਕਿ ਸੁਲਤਾਨ ਨੂੰ ਦੇਖਣ ਲਈ ਪੰਜਾਬ ਤੇ ਯੂਪੀ ਤੋਂ ਲੋਕ ਆ ਚੁੱਕੇ ਹਨ। ਉੱਥੇ ਉਸ ਨੇ ਕਿਹਾ ਕਿ ਇਸ ਗਧੇ ਤੋਂ ਹੀ ਉਸ ਦੇ ਘਰ ਦਾ ਖਰਚਾ ਚੱਲਦਾ ਹੈ। ਰਜਨੀਸ਼ ਦੇ ਬੇਟੇ ਸੁਮਿਤ ਨੇ ਦੱਸਿਆ ਕਿ ਪਿਤਾ ਦੇ ਨਾਲ ਉਹ ਵੀ ਇਸ ਦੀ ਦੇਖਭਾਲ ਕਰਦਾ ਹੈ। ਸਕੂਲ ਤੋਂ ਬਾਅਦ ਉਹ ਸੁਲਤਾਨ ਨੂੰ ਘਾਹ ਚਰਾਉਣ ਲੈ ਕੇ ਜਾਂਦਾ ਹੈ। ਪੜ੍ਹਾਈ ਦੇ ਨਾਲ ਉਹ ਆਪਣੇ ਪਿਤਾ ਦੀ ਮਦਦ ਕਰਦਾ ਹੈ।
ਗਧੇ ਦੇ ਮਾਲਕ ਰਜਨੀਸ਼ ਦਾ ਕਹਿਣਾ ਹੈ ਕਿ ਉਹ ਪਿਛਲੇ 15 ਸਾਲ ਪਹਿਲਾਂ ਇਸ ਦੀ ਮਾਂ ਨੂੰ ਖ਼ਰੀਦ ਕੇ ਲਿਆਇਆ ਸੀ। ਇਸ ਤੋਂ ਪਹਿਲਾਂ 2 ਤੋਂ 3 ਲੱਖ ਕੀਮਤ ਵਾਲੇ ਗਧੇ ਵਪਾਰੀਆਂ ਨੂੰ ਵੇਚ ਚੁੱਕਾ ਹੈ। ਇਸ ਦੀ ਕੀਮਤ 10 ਲੱਖ ਰੱਖੀ ਹੈ। ਰਜਨੀਸ਼ ਨੇ ਦੱਸਿਆ ਕਿ ਇਸ ਗਧੇ ਉੱਤੇ ਉਸ ਦਾ ਰੋਜ਼ਾਨਾ ਹਜ਼ਾਰ ਰੁਪਏ ਤੱਕ ਖਰਚਾ ਆਉਂਦਾ ਹੈ। ਰੋਜ਼ਾਨਾ ਸਵੇਰੇ ਉਸ ਦਾ ਇਹ ਗਧਾ ਪੰਜ ਕਿੱਲੋ ਛੋਲੇ ਖਾ ਜਾਂਦਾ ਹੈ। ਦਿਨ ਵਿੱਚ ਇੱਕ ਟਾਈਮ ਉਸ ਨੂੰ ਸਵੀਟ ਡਿਸ਼ ਵੀ ਚਾਹੀਦੀ ਹੈ। ਗਧੇ ਦੀ ਮਨਪਸੰਦ ਸਵੀਟ ਡਿਸ਼ ਲੱਡੂ ਹੈ।